iLove Stories

A Free Portal for Read online Stories

Latest

Wednesday, 13 May 2020

ਹੱਥੀਂ ਤੋਰੇ ਸੱਜਣਾਂ ਨੂੰ Punjabi Story

ਬਿਰਹਾ ਦਾ ਮਨੁੱਖੀ ਜੀਵਨ ਚ ਬਹੁਤ ਮਹੱਤਵਪੂਰਨ ਸਥਾਨ ਏ ।ਬਿਰਹਾ ਤੋ ਭਾਵ ਵਿਛੋੜਾ , ਵਿਛੋੜਾ ਬੇਸ਼ੱਕ ਤੰਦਰੁਸਤੀ ਦਾ ਹੋਵੇ, ਕਿਸੇ ਪ੍ਰਾਣ ਪਿਆਰੇ ਦਾ ਹੋਵੇ, ਜਾਂ ਸੰਪਤੀ ਦਾ ਹੋਵੇ , ਹਮੇਸ਼ਾਂ ਰੂਹ ਨੂੰ ਦਰਦ ਦੇਂਦਾ ਏ , ਸ਼ਾਇਦ ਜਗਾਉਂਦਾ ਏ ਇਨਸਾਨ ਨੂੰ ਗ਼ਫ਼ਲਤ ਦੀ ਨੀਂਦ ਚੋਂ, ਨਹੀਂ ਤਾਂ ਇਨਸਾਨ ਰਾਖਸ਼ ਈ ਬਣ ਜਾਵੇ , ਸੰਵੇਦਨਾ ਤੋਂ ਹੀਣਾ, ਚੰਡਾਲ , ਜਿਸਨੂੰ ਭੁੱਲ ਜਾਵੇ ਕਿ ਸਦਾ ਬੈਠ ਨਹੀ ਰਹਿਣਾ ਇਸ ਫ਼ਾਨੀ ਦੁਨੀਆਂ ਤੇ ।ਛੋਟੇ ਹੁੰਦੇ ਸੁਣਦੇ ਸੀ ਕਿ ਕੋਈ ਕਿਸੇ ਨੂੰ ਨਹੀ ਰੋਂਦਾ , ਸਭ ਆਪਣਿਆਂ ਨੂੰ ਯਾਦ ਕਰਕੇ ਰੋਂਦੇ ਨੇ , ਪਰ ਸਮਝ ਨਹੀ ਸੀ ਆਉਦੀ ਕਿ ਮਤਲਬ ਕੀ ਏ ਇਸ ਗੱਲ ਦਾ, ਪਰ ਵਕਤ ਨੇ ਸਮਝਾ ਦਿੱਤਾ , ਬਾਖੂਬੀ ।ਬਚਪਨ ਵਿੱਚ ਕੁਝ ਬਜ਼ੁਰਗ ਰੁਖ਼ਸਤ ਹੁੰਦੇ ਵੇਖੇ , ਮਨ ਵਿਚਲਿਤ ਹੋਇਆ, ਪਰ ਇਉਂ ਲੱਗਾ ਕਿ ਇਹ ਜੋ ਬਿਰਧ ਲੋਕ ਸਨ, ਹਮੇਸ਼ਾਂ ਤੋ ਬਿਰਧ ਈ ਸਨ, ਕਿਉਂਕਿ ਅਸੀ ਉਹਨਾ ਨੂੰ ਜਵਾਨੀ ਦੀ ਅਵੱਸਥਾ ਚ ਵੇਖਿਆ ਈ ਨਹੀ ਸੀ ਕਦੇ, ਵੈਸੇ ਵੀ, ਫਲ ਪੱਕ ਕੇ ਡਿੱਗੇ ਤਾਂ ਗਲਤ ਨਹੀ ਜਾਪਦਾ ,ਖ਼ੁਦ ਬਾਰੇ ਇਉਂ ਜਾਪਦਾ ਸੀ ਕਿ ਸਾਡੇ ਕੋਲ ਵਕਤ ਐ, ਕੋਈ ਤਰਕੀਬ ਲਾ ਲਵਾਂਗੇ , ਅਸੀਂ ਜਾਂ ਸਾਡੇ ਕਿਸੇ ਹਾਣੀ ਨੇ ਨਹੀ ਮਰਨਾ ਕਦੇ ਵੀ ।ਜਿੰਦਗੀ ਦੇ ਚੌਧਵੇਂ ਕੁ ਸਾਲ ਚ ਇੱਕ ਦੋਸਤ ਮਿਲਿਆ , ਜੋ ਅਸਲ ਵਿੱਚ ਵੱਡੇ ਵੀਰ ਜੀ ਦਾ ਜਮਾਤੀ ਸੀ, ਮੇਰੇ ਤੋ ਤਿੰਨ , ਚਾਰ ਸਾਲ ਵੱਡਾ । ਸੂਰਤ ਤੋ ਰੱਜ ਕੇ ਸੋਹਣਾ ਤੇ ਸੀਰਤ ਦੇ ਕਿਆ ਕਹਿਣੇ । ਨਾਮ ਵੀ ਨਿਆਰਾ ਜਿਹਾ, ਨੰਦਨਜੀਤ । ਉਸਦੀ ਆਮਦ ਨੇ ਜਿੰਦਗੀ ਖੁਸ਼ਗਵਾਰ ਕਰ ਦਿੱਤੀ, ਭਰਾ ਤੇ ਦੋਸਤ ਵਜੋ ਵਿਚਰਨ ਲੱਗਾ ਉਹ । ਉਸਨੇ ਜਲੰਧਰ ਸਪੋਰਟਸ ਕਾਲੇਜ ਦਾਖਲਾ ਲੈ ਲਿਆ , ਹਰ ਹਫਤੇ ਸ਼ਨੀਵਾਰ ਪਿੰਡ ਆਉਣਾ , ਅੰਮ੍ਰਤਸਰ ਜਿਲ੍ਹੇ ਵਿਚਲੇ ਸਾਡੇ ਪਿੰਡ । ਮਚਵਿਆਹ ਨਾਲੋ ਵੱਧ ਚਾਅ ਹੋਣਾ ਉਸਦੇ ਆਉਣ ਦਾ । ਉਸਦੇ ਆਉਣ ਤੇ ਦੁਨੀਆਂ ਭੁੱਲ ਜਾਂਦੇ ਸੀ ਅਸੀਂ । ਪਰ ਇਹ ਖੁਸ਼ੀਆਂ ਥੋੜ੍ਹ ਚਿਰੀਆਂ ਸਨ ।10/09/88 ਦਿਨ ਸ਼ਨੀਵਾਰ ਦਾ ਸੀ, ਜਦ ਸਾਈਕਲ ਤੇ ਉਹਨਾਂ ਦੇ ਘਰੋਂ ਬੰਦਾ ਸੁਨੇਹਾ ਦੇਣ ਆਇਆ ਕਿ ਨੰਦਨ ਗੁਜ਼ਰ ਗਿਆ ਏ, ਜਲੰਧਰ ਐਕਸੀਡੈੰਟ ਹੋਣ ਕਾਰਨ । ਜਾਪਿਆ ਕਿ ਭੈੜਾ ਸੁਪਨਾ ਏ, ਸੱਚ ਨਹੀਂ ਹੋ ਸਕਦਾ , ਪਰ ਕਾਸ਼ ਇਹ ਸੁਪਨਾ ਹੁੰਦਾ । ਜ਼ਿੰਦਗੀ ਨੇ ਕੌੜਾ ਸੱਚ ਚੱਬਣ ਲਈ ਮਜਬੂਰ ਕਰ ਤਾ , ਜਿਸ ਵਕਤ ਉਹ ਸ਼ਨੀਵਾਰ ਘਰ ਆਇਆ ਕਰਦਾ ਸੀ, ਕੱਫਨ ਚ ਲਿਪਟੀ ਲਾਸ਼ ਆ ਗਈ ਓਹਦੀ । ਸਵੇਰੇ ਦਸ ਵਜੇ ਤੱਕ ਜ਼ਿੰਦਗੀ ਨਾਲ ਲਬਾਲਬ ਭਰਿਆ ਇਨਸਾਨ , ਜੋ ਘਰ ਨੂੰ ਆਉਣ ਲਈ ਉਤਾਵਲਾ ਸੀ,ਓਸੇ ਸ਼ਾਮ ਸੱਤ ਵਜੇ ਚਿਖਾ ਚ ਬਲ਼ ਗਿਆ । ਸਭ ਫੁਰਨੇ , ਸੁਪਨੇ ਸਵਾਹ ਹੋ ਗਏ । ਮਾਂ ਬਾਪ ਦਾ ਅੱਤ ਦਾ ਲਾਡਲਾ , ਲੱਕ ਤੋੜ ਕੇ ਤੁਰ ਗਿਆ ਉਹਨਾਂ ਦਾ,ਰੋਂਦੇ ਛੱਡ ਗਿਆ ਸੰਗੀ ਸਾਥੀਆਂ ਨੂੰ ।ਇੰਝ ਜਾਪਿਆ ਕਿ ਜ਼ਿੰਦਗੀ ਰੁਕ ਗਈ ਏ, ਬੇਰੰਗ ਹੋ ਗਈ ਏ, ਪਰ ਕਿੱਥੇ ਰੁਕਦੀ ਏ ਜ਼ਿੰਦਗੀ । ਪਹਿਲਾਂ ਦੀ ਤਰਾਂ ਈ ਅਗਲਾ ਦਿਨ ਵੀ ਚੜ੍ਹਿਆ, ਤੇ ਫਿਰ ਉਸ ਤੋਂ ਅਗਲਾ ਵੀ, ਜ਼ਿੰਦਗੀ ਤੁਰ ਪਈ ਆਪਣੀ ਚਾਲ । ਕਿਰਿਆ ਕਰਮ ਹੋਏ। ਕੁਝ ਦਿਨਾਂ ਬਾਅਦ ਭਿਆਨਕ ਹੜ੍ਹ ਆਏ, ਨੰਦਨ ਦੀ ਰਾਖ ਵੀ ਪਤਾ ਨਹੀ ਕਿੱਧਰ ਨੂੰ ਵਹਿ ਗਈ ।ਖੈਲਾਅ ਪੈ ਗਿਆ ਜ਼ਿੰਦਗੀ ਚ, ਜੋ ਨਾ ਪੂਰਨਯੋਗ ਸੀ । ਵਕਤ ਨੇ ਸਬਰ ਦੇ ਦਿੱਤਾ , ਭਾਣਾ ਮੰਨ ਲਿਆ ਸਭ ਨੇ ਕਿ ਸਾਡਾ ਓਹਦਾ ਏਨਾ ਕੁ ਈ ਸਾਥ ਸੀ , ਪਰ ਮਨ ਵਿੱਚ ਸ਼ੰਕਾ ਜਿਹਾ ਸੀ, ਕਿ ਜੇਕਰ ਆਖਰੀ ਵਕਤ ਨੰਦਨ ਦੇ ਲਾਗੇ ਹੁੰਦੇ ਤਾਂ ਬਚਾਅ ਲੈਂਦੇ , ਕਿੰਨਾ ਬਚਕਾਨਾ ਸ਼ੰਕਾ ਸੀ ਓਹ ਵੀ ।ਤਿੰਨ ਕੁ ਸਾਲ ਗੁਜ਼ਰੇ, ਇੱਕ ਨਵਾਂ ਦੋਸਤ ਪ੍ਰਿਤਪਾਲ ਆਇਆ ਜ਼ਿੰਦਗੀ ਚ । ਪਿੱਛੋਕੜ ਬਠਿੰਡੇ ਜ਼ਿਲ੍ਹੇ ਦਾ ,ਪਰ ਜੰਮ ਪਲ ਅੰਮ੍ਰਿਤਸਰ ਸ਼ਹਿਰ ਦਾ ਸੀ ਉਹਦਾ । ਈਟੀਟੀ ਚ ਦਾਖਲ ਹੋਇਆ ਸੀ ਉਹ ਵੱਡੇ ਵੀਰ ਜੀ ਨਾਲ ਡਾਇਟ ਵੇਰਕਾ ਚ । ਮੈਨੂੰ ਪਹਿਲੀ ਵਾਰ ਮਿਲਿਆ , ਧਾਅ ਕੇ ਗਲ਼ ਲੱਗ ਮਿਲਿਆ ,ਜਿਵੇ ਸਦੀਆਂ ਤੋ ਜਾਣਦਾ ਹੋਵੇ , ਜਾਪਿਆ , ਨੰਦਨ ਈ ਆ ਗਿਆ ਰੂਪ ਵਟਾ ਕੇ ਜਿਵੇਂ । ਡੀ ਐੱਸ ਪੀ ਬਾਪ ਦਾ ਬੇਟਾ ਸੀ ਉਹ, ਪਰ ਆਕੜ , ਮਿਜ਼ਾਜ ਤੋ ਕੋਹਾਂ ਦੂਰ । ਸ਼ਕਲੋਂ ਸੋਹਣਾ, ਚੰਗਾ ਗਵੱਈਆ, ਭੰਗੜਾ ਵੀ ਬਹੁਤ ਵਧੀਆ ਪਾ ਲੈਂਦਾ ਸੀ ਉਹ । ਵੇਰਕੇ ਪੜ੍ਹਦੇ ਈ ਇੱਕ ਖ਼ੂਬਸੂਰਤ ਲੜਕੀ ਨਾਲ ਉਸਦਾ ਪਿਆਰ ਪੈ ਗਿਆ ਜੋ ਈਟੀਟੀ ਕਰਦੀ ਸੀ ਉਹਦੇ ਨਾਲ ।ਕੋਰਸ ਖਤਮ ਹੁੰਦੇ ਸਾਰ ਈ ਨੌਕਰੀਆਂ ਮਿਲ ਗਈਆਂ , ਨਾਲ ਈ ਲਵ ਮੈਰਿਜ ਵੀ ਹੋ ਗਈ ।ਸਾਲ 1994 ਦੇ ਅਖੀਰ ਚ ਉਹਦੇ ਘਰੇ ਪਿਆਰੀ ਜਿਹੀ ਬੇਟੀ ਨੇ ਜਨਮ ਲਿਆ । ਪਰ ਉਹ ਦੋਸਤਾਂ ਵਿੱਚ ਇੰਜ ਵਿਚਰਦਾ ਰਿਹਾ ਕਿ ਜਿਵੇਂ ਅਜੇ ਵੀ ਕੁਵਾਰਾ ਈ ਹੋਵੇ, ਮੋਬਾਈਲ ਫ਼ੋਨ ਨਹੀ ਸਨ ਉਸ ਵਕਤ , ਪਰ ਉਹ ਗੁਰਦਾਸਪੁਰ , ਤਰਨ ਤਾਰਨ ਅੰਮ੍ਰਿਤਸਰ , ਸੱਤ ਅੱਠ ਦੋਸਤਾਂ ਦੇ ਘਰੇ ਜਾ ਜਾ ਕੇ ਪ੍ਰੋਗਰਾਮ ਤੈਅ ਕਰ ਲੈਂਦਾ ਸੀ ਕਿ ਇਕੱਠੇ ਹੋਣ ਦਾ । ਸੂਤਰਧਾਰ ਸੀ ਸਾਰੀ ਖੇਡ ਦਾ ਓਹ ਇੱਕ ਈ ਬੰਦਾ ।ਜੂਨ 1995 ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ , ਪ੍ਰਿਤਪਾਲ ਨੇ ਸਭ ਨੂੰ ਪ੍ਰੇਰ ਕੇ ਹਿਮਾਚਲ ਜਾਣ ਦੀ ਤਿਆਰੀ ਕਰ ਲਈ । ਕੁੱਲ ਸੱਤ ਜਣੇ ਗੱਡੀ ਲੈ ਕੇ ਵੀਹ ਜੂਨ ਨੂੰ ਨਿੱਕਲ ਗਏ ਪਿੰਡ ਤੋਂ , ਪਹਿਲੀ ਰਾਤ ਨੈਣੀ ਖੱਡ ਗੁਜ਼ਾਰੀ , ਅਗਲੀ ਡਲਹੌਜੀ ਤੇ ਤੀਸਰੀ ਧਰਮਸ਼ਾਲਾ ਫਿਰ ਕੁੱਲੂ ਮਨਾਲੀ, ਰੋਹਤਾਗ ਵੱਲ ਨੂੰ ਹੋ ਤੁਰੇ । ਸਭ ਯਗਾ ਘੁੰਮ ਕੇ ਵਾਪਸੀ ਵਾਇਆ ਰੋਪੜ ਕਰ ਲਈ । ਪੰਝੀ ਜੂਨ ਦੀ ਸ਼ਾਮ ਅਸੀਂ ਰਸਤੇ ਚ ਰੁਕ ਕੇ ਆਪ ਖਾਣਾ ਬਣਾਇਆ । ਖੂਬ ਨੱਚੇ, ਜੋ ਸਾਡਾ ਸਭ ਦਾ ਆਖਰੀ ਜਸ਼ਨ ਸੀ ,ਇਕੱਠਿਆਂ ਦਾ ।ਖਾਣਾ ਖਾ ਕੇ ਰਾਤ ਈ ਪਿੰਡ ਨੂੰ ਚਾਲੇ ਪਾ ਲਏ, ਕਿ ਟ੍ਰੈਫ਼ਿਕ ਘੱਟ ਪਵੇਗਾ । ਜਦੋਂ ਗੜ੍ਹ ਸ਼ੰਕਰ ਕੋਲ ਆਏ ਤਾਂ ਹਲਕੀ ਬਾਰਿਸ਼ ਸ਼ੁਰੂ ਹੋ ਗਈ । ਗੱਡੀ ਪ੍ਰਿਤਪਾਲ ਚਲਾ ਰਿਹਾ ਸੀ । ਸਾਹਮਣੇ ਤੋ ਟਰੱਕ ਆਉਦਾ ਦਿਸਿਆ , ਡਿੱਪਰ ਦਿੱਤੀ ਪਰ ਉਹਨੇ ਲਾਈਟਾਂ ਹਾਈ ਬੀਮ ਤੇ ਈ ਰੱਖੀਆਂ, ਜ਼ੋਰਦਾਰ ਧਮਾਕਾ ਹੋਇਆ ਤੇ ਹਨੇਰਾ ਛਾ ਗਿਆ, ਸਾਡੀ ਗੱਡੀ ਦੀਆਂ ਦੇ ਪਲਟੀਆਂ ਲੱਗ ਗਈਆਂ , ਪਤਾ ਨਾ ਲੱਗੇ ਕਿ ਅਸੀਂ ਕਿੰਨੇ ਜਣੇ ਬੱਚੇ ਆਂ ਤੇ ਕਿੰਨੇ ਖਤਮ । ਜਦ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਾ,ਪ੍ਰਿਤਪਾਲ ਥਾਂਏਂ ਈ ਮਰ ਚੁੱਕਾ ਸੀ, ਹਾਇ ਵੀ ਨਾ ਨਿਕਲੀ, ਮੌਤ ਮੇਰੇ ਨਾਲ ਖਹਿ ਕੇ ਲੰਘ ਗਈ ਤੇ ਸਭ ਤੋਂ ਪਿਆਰਾ ਦੋਸਤ ਪੰਜਿਆਂ ਚ ਅੜਾ ਕੇ ਲੈ ਗਈ , ਇਹ ਸ਼ੰਕਾ ਵੀ ਨਵਿਰਤ ਕਰ ਦਿੱਤਾ ਕਿ ਕੋਲ ਹੁੰਦੇ ਤਾਂ ਬੱਚਾ ਲੈਂਦੇ ।ਕ੍ਰਮਵਾਰ ਇਕੱਤੀ ਸਾਲ , ਤੇ ਚੌਵੀ ਸਾਲ ਹੋ ਚੁੱਕੇ ਨੇ ਦੋਹਾਂ ਸੱਜਣਾਂ ਨੂੰ ਤੋਰਿਆਂ , ਪਰ ਅੱਜ ਵੀ ਇੰਜ ਲੱਗਦਾ ਜਿਵੇਂ ਅਜੇ ਕੱਲ੍ਹ ਈ ਗਏ ਹੋਣ । ਇੱਕ ਇੱਕ ਨਕਸ਼ ਯਾਦ ਏ ਤੁਰ ਗਈਆਂ ਸੂਰਤਾਂ ਦਾ । ਬੇਸ਼ੱਕ ਜਿਸਮਾਨੀ ਤੌਰ ਤੇ ਨਹੀ ਪਰ ਰੂਹਾਨੀ ਤੌਰ ਤੇ ਅੱਜ ਵੀ ਦਿਲ ਚ ਧੜਕਦੇ ਨੇ । ਜਦ ਕਿਸੇ ਦਾ ਦੁੱਖ ਵੇਖਦਾਂ ਤਾਂ ਉਹ ਆਣ ਖਲੋਂਦੇ ਨੇ ਅੱਖਾਂ ਮੂਹਰੇ , ਪਤਾ ਈ ਨਹੀ ਲੱਗਦਾ ਕਦੋਂ ਬਿਰਹਾ ਗਰਮ ਹੰਝੂ ਬਣ ਵਹਿ ਤੁਰਦਾ ਏ ।ਉਹਨਾਂ ਤੋ ਬਾਅਦ ਕਈ ਲੋਕ ਜ਼ਿੰਦਗੀ ਚ ਆਏ , ਰੁਕੇ ਤੇ ਜਮਾਨੇ ਦੀ ਗਰਦਿਸ਼ ਚ ਗਵਾਚ ਗਏ, ਪਰ ਕਦੀ ਯਾਦ ਵੀ ਨਹੀ ਆਏ ।ਯਾਦ ਸਿਰਫ ਓਹੀ ਰਹਿੰਦੇ ਨੇ ਜੋ ਦਿਲਾਂ ਤੋ ਜੁੜੇ ਹੁੰਦੇ ਨੇ,ਕੁਝ ਖ਼ਾਸ ਹੁੰਦਾ ਏ ਉਹਨਾਂ ਚ , ਹਮੇਸ਼ਾਂ ਜਿਉਂਦੇ ਨੇ ਮਿੱਤਰ ਪਿਆਰਿਆਂ ਦੇ ਦਿਲਾਂ ਵਿੱਚ ,ਕੋਈ ਰਿਮਾਈਂਡਰ ਨਹੀ ਲਾਉਣਾ ਪੈਂਦਾ । ਤੇ ਉਹਨਾਂ ਦੀ ਯਾਦ ਚ ਅੱਖਾਂ ਦਾ ਨਮ ਹੋਣਾ ਈ ਇਸ ਗੱਲ ਦਾ ਗਵਾਹ ਏ ਕਿ ਸੱਚੀ ਦੋਸਤੀ ਦਾ ਨਿੱਘ ਕਦੀ ਖਤਮ ਨਹੀ ਹੁੰਦਾ, ਤਾ ਉਮਰ ਨਾਲ ਨਾਲ ਤੁਰਦਾ ਏ , ਵਹਿ ਤੁਰਦਾ ਏ ਜਦ ਵੀ ਮੌਕਾ ਮਿਲੇ । ਕਦੇ ਇਕਾਂਤ ਚ ਬੈਠੋ ਤਾਂ ਸਰੂਰ ਵੀ ਦਿੰਦਾ ਏ, ਉਹਨਾਂ ਨਾਲ ਬੈਠ ਬਿਤਾਏ ਸੁਨਹਿਰੀ ਪਲਾਂ ਨੂੰ ਯਾਦ ਕਰਕੇ , ਜ਼ਿੰਦਗੀ ਦਾ ਸਰਮਾਇਆ ਹੁੰਦੇ ਨੇ ਸੱਚੇ ਦੋਸਤ ਤੇ ਉਹਨਾ ਦੀਆਂ ਯਾਦਾਂ ।ਅਖੀਰ ਨੁਸਰਤ ਸਾਹਬ ਦੇ ਗਾਏ ਗੀਤਦੇ ਬੋਲ ਕਿ“ ਲੱਖ ਗ਼ਮ ਆਵਣ ਨਹੀ ਪ੍ਰਵਾਹਗਮਖਾਰ ਨਾ ਵਿੱਛੜੇ ।ਕਿਸੇ ਦਾ , ਯਾਰ ਨਾ ਵਿੱਛੜੇ ……ਦਵਿੰਦਰ ਸਿੰਘ ਜੌਹਲ

No comments:

Post a Comment