iLove Stories

A Free Portal for Read online Stories

Latest

Showing posts with label Punjabi. Show all posts
Showing posts with label Punjabi. Show all posts

Wednesday, 13 May 2020

May 13, 2020

ਹੱਥੀਂ ਤੋਰੇ ਸੱਜਣਾਂ ਨੂੰ Punjabi Story

ਬਿਰਹਾ ਦਾ ਮਨੁੱਖੀ ਜੀਵਨ ਚ ਬਹੁਤ ਮਹੱਤਵਪੂਰਨ ਸਥਾਨ ਏ ।ਬਿਰਹਾ ਤੋ ਭਾਵ ਵਿਛੋੜਾ , ਵਿਛੋੜਾ ਬੇਸ਼ੱਕ ਤੰਦਰੁਸਤੀ ਦਾ ਹੋਵੇ, ਕਿਸੇ ਪ੍ਰਾਣ ਪਿਆਰੇ ਦਾ ਹੋਵੇ, ਜਾਂ ਸੰਪਤੀ ਦਾ ਹੋਵੇ , ਹਮੇਸ਼ਾਂ ਰੂਹ ਨੂੰ ਦਰਦ ਦੇਂਦਾ ਏ , ਸ਼ਾਇਦ ਜਗਾਉਂਦਾ ਏ ਇਨਸਾਨ ਨੂੰ ਗ਼ਫ਼ਲਤ ਦੀ ਨੀਂਦ ਚੋਂ, ਨਹੀਂ ਤਾਂ ਇਨਸਾਨ ਰਾਖਸ਼ ਈ ਬਣ ਜਾਵੇ , ਸੰਵੇਦਨਾ ਤੋਂ ਹੀਣਾ, ਚੰਡਾਲ , ਜਿਸਨੂੰ ਭੁੱਲ ਜਾਵੇ ਕਿ ਸਦਾ ਬੈਠ ਨਹੀ ਰਹਿਣਾ ਇਸ ਫ਼ਾਨੀ ਦੁਨੀਆਂ ਤੇ ।ਛੋਟੇ ਹੁੰਦੇ ਸੁਣਦੇ ਸੀ ਕਿ ਕੋਈ ਕਿਸੇ ਨੂੰ ਨਹੀ ਰੋਂਦਾ , ਸਭ ਆਪਣਿਆਂ ਨੂੰ ਯਾਦ ਕਰਕੇ ਰੋਂਦੇ ਨੇ , ਪਰ ਸਮਝ ਨਹੀ ਸੀ ਆਉਦੀ ਕਿ ਮਤਲਬ ਕੀ ਏ ਇਸ ਗੱਲ ਦਾ, ਪਰ ਵਕਤ ਨੇ ਸਮਝਾ ਦਿੱਤਾ , ਬਾਖੂਬੀ ।ਬਚਪਨ ਵਿੱਚ ਕੁਝ ਬਜ਼ੁਰਗ ਰੁਖ਼ਸਤ ਹੁੰਦੇ ਵੇਖੇ , ਮਨ ਵਿਚਲਿਤ ਹੋਇਆ, ਪਰ ਇਉਂ ਲੱਗਾ ਕਿ ਇਹ ਜੋ ਬਿਰਧ ਲੋਕ ਸਨ, ਹਮੇਸ਼ਾਂ ਤੋ ਬਿਰਧ ਈ ਸਨ, ਕਿਉਂਕਿ ਅਸੀ ਉਹਨਾ ਨੂੰ ਜਵਾਨੀ ਦੀ ਅਵੱਸਥਾ ਚ ਵੇਖਿਆ ਈ ਨਹੀ ਸੀ ਕਦੇ, ਵੈਸੇ ਵੀ, ਫਲ ਪੱਕ ਕੇ ਡਿੱਗੇ ਤਾਂ ਗਲਤ ਨਹੀ ਜਾਪਦਾ ,ਖ਼ੁਦ ਬਾਰੇ ਇਉਂ ਜਾਪਦਾ ਸੀ ਕਿ ਸਾਡੇ ਕੋਲ ਵਕਤ ਐ, ਕੋਈ ਤਰਕੀਬ ਲਾ ਲਵਾਂਗੇ , ਅਸੀਂ ਜਾਂ ਸਾਡੇ ਕਿਸੇ ਹਾਣੀ ਨੇ ਨਹੀ ਮਰਨਾ ਕਦੇ ਵੀ ।ਜਿੰਦਗੀ ਦੇ ਚੌਧਵੇਂ ਕੁ ਸਾਲ ਚ ਇੱਕ ਦੋਸਤ ਮਿਲਿਆ , ਜੋ ਅਸਲ ਵਿੱਚ ਵੱਡੇ ਵੀਰ ਜੀ ਦਾ ਜਮਾਤੀ ਸੀ, ਮੇਰੇ ਤੋ ਤਿੰਨ , ਚਾਰ ਸਾਲ ਵੱਡਾ । ਸੂਰਤ ਤੋ ਰੱਜ ਕੇ ਸੋਹਣਾ ਤੇ ਸੀਰਤ ਦੇ ਕਿਆ ਕਹਿਣੇ । ਨਾਮ ਵੀ ਨਿਆਰਾ ਜਿਹਾ, ਨੰਦਨਜੀਤ । ਉਸਦੀ ਆਮਦ ਨੇ ਜਿੰਦਗੀ ਖੁਸ਼ਗਵਾਰ ਕਰ ਦਿੱਤੀ, ਭਰਾ ਤੇ ਦੋਸਤ ਵਜੋ ਵਿਚਰਨ ਲੱਗਾ ਉਹ । ਉਸਨੇ ਜਲੰਧਰ ਸਪੋਰਟਸ ਕਾਲੇਜ ਦਾਖਲਾ ਲੈ ਲਿਆ , ਹਰ ਹਫਤੇ ਸ਼ਨੀਵਾਰ ਪਿੰਡ ਆਉਣਾ , ਅੰਮ੍ਰਤਸਰ ਜਿਲ੍ਹੇ ਵਿਚਲੇ ਸਾਡੇ ਪਿੰਡ । ਮਚਵਿਆਹ ਨਾਲੋ ਵੱਧ ਚਾਅ ਹੋਣਾ ਉਸਦੇ ਆਉਣ ਦਾ । ਉਸਦੇ ਆਉਣ ਤੇ ਦੁਨੀਆਂ ਭੁੱਲ ਜਾਂਦੇ ਸੀ ਅਸੀਂ । ਪਰ ਇਹ ਖੁਸ਼ੀਆਂ ਥੋੜ੍ਹ ਚਿਰੀਆਂ ਸਨ ।10/09/88 ਦਿਨ ਸ਼ਨੀਵਾਰ ਦਾ ਸੀ, ਜਦ ਸਾਈਕਲ ਤੇ ਉਹਨਾਂ ਦੇ ਘਰੋਂ ਬੰਦਾ ਸੁਨੇਹਾ ਦੇਣ ਆਇਆ ਕਿ ਨੰਦਨ ਗੁਜ਼ਰ ਗਿਆ ਏ, ਜਲੰਧਰ ਐਕਸੀਡੈੰਟ ਹੋਣ ਕਾਰਨ । ਜਾਪਿਆ ਕਿ ਭੈੜਾ ਸੁਪਨਾ ਏ, ਸੱਚ ਨਹੀਂ ਹੋ ਸਕਦਾ , ਪਰ ਕਾਸ਼ ਇਹ ਸੁਪਨਾ ਹੁੰਦਾ । ਜ਼ਿੰਦਗੀ ਨੇ ਕੌੜਾ ਸੱਚ ਚੱਬਣ ਲਈ ਮਜਬੂਰ ਕਰ ਤਾ , ਜਿਸ ਵਕਤ ਉਹ ਸ਼ਨੀਵਾਰ ਘਰ ਆਇਆ ਕਰਦਾ ਸੀ, ਕੱਫਨ ਚ ਲਿਪਟੀ ਲਾਸ਼ ਆ ਗਈ ਓਹਦੀ । ਸਵੇਰੇ ਦਸ ਵਜੇ ਤੱਕ ਜ਼ਿੰਦਗੀ ਨਾਲ ਲਬਾਲਬ ਭਰਿਆ ਇਨਸਾਨ , ਜੋ ਘਰ ਨੂੰ ਆਉਣ ਲਈ ਉਤਾਵਲਾ ਸੀ,ਓਸੇ ਸ਼ਾਮ ਸੱਤ ਵਜੇ ਚਿਖਾ ਚ ਬਲ਼ ਗਿਆ । ਸਭ ਫੁਰਨੇ , ਸੁਪਨੇ ਸਵਾਹ ਹੋ ਗਏ । ਮਾਂ ਬਾਪ ਦਾ ਅੱਤ ਦਾ ਲਾਡਲਾ , ਲੱਕ ਤੋੜ ਕੇ ਤੁਰ ਗਿਆ ਉਹਨਾਂ ਦਾ,ਰੋਂਦੇ ਛੱਡ ਗਿਆ ਸੰਗੀ ਸਾਥੀਆਂ ਨੂੰ ।ਇੰਝ ਜਾਪਿਆ ਕਿ ਜ਼ਿੰਦਗੀ ਰੁਕ ਗਈ ਏ, ਬੇਰੰਗ ਹੋ ਗਈ ਏ, ਪਰ ਕਿੱਥੇ ਰੁਕਦੀ ਏ ਜ਼ਿੰਦਗੀ । ਪਹਿਲਾਂ ਦੀ ਤਰਾਂ ਈ ਅਗਲਾ ਦਿਨ ਵੀ ਚੜ੍ਹਿਆ, ਤੇ ਫਿਰ ਉਸ ਤੋਂ ਅਗਲਾ ਵੀ, ਜ਼ਿੰਦਗੀ ਤੁਰ ਪਈ ਆਪਣੀ ਚਾਲ । ਕਿਰਿਆ ਕਰਮ ਹੋਏ। ਕੁਝ ਦਿਨਾਂ ਬਾਅਦ ਭਿਆਨਕ ਹੜ੍ਹ ਆਏ, ਨੰਦਨ ਦੀ ਰਾਖ ਵੀ ਪਤਾ ਨਹੀ ਕਿੱਧਰ ਨੂੰ ਵਹਿ ਗਈ ।ਖੈਲਾਅ ਪੈ ਗਿਆ ਜ਼ਿੰਦਗੀ ਚ, ਜੋ ਨਾ ਪੂਰਨਯੋਗ ਸੀ । ਵਕਤ ਨੇ ਸਬਰ ਦੇ ਦਿੱਤਾ , ਭਾਣਾ ਮੰਨ ਲਿਆ ਸਭ ਨੇ ਕਿ ਸਾਡਾ ਓਹਦਾ ਏਨਾ ਕੁ ਈ ਸਾਥ ਸੀ , ਪਰ ਮਨ ਵਿੱਚ ਸ਼ੰਕਾ ਜਿਹਾ ਸੀ, ਕਿ ਜੇਕਰ ਆਖਰੀ ਵਕਤ ਨੰਦਨ ਦੇ ਲਾਗੇ ਹੁੰਦੇ ਤਾਂ ਬਚਾਅ ਲੈਂਦੇ , ਕਿੰਨਾ ਬਚਕਾਨਾ ਸ਼ੰਕਾ ਸੀ ਓਹ ਵੀ ।ਤਿੰਨ ਕੁ ਸਾਲ ਗੁਜ਼ਰੇ, ਇੱਕ ਨਵਾਂ ਦੋਸਤ ਪ੍ਰਿਤਪਾਲ ਆਇਆ ਜ਼ਿੰਦਗੀ ਚ । ਪਿੱਛੋਕੜ ਬਠਿੰਡੇ ਜ਼ਿਲ੍ਹੇ ਦਾ ,ਪਰ ਜੰਮ ਪਲ ਅੰਮ੍ਰਿਤਸਰ ਸ਼ਹਿਰ ਦਾ ਸੀ ਉਹਦਾ । ਈਟੀਟੀ ਚ ਦਾਖਲ ਹੋਇਆ ਸੀ ਉਹ ਵੱਡੇ ਵੀਰ ਜੀ ਨਾਲ ਡਾਇਟ ਵੇਰਕਾ ਚ । ਮੈਨੂੰ ਪਹਿਲੀ ਵਾਰ ਮਿਲਿਆ , ਧਾਅ ਕੇ ਗਲ਼ ਲੱਗ ਮਿਲਿਆ ,ਜਿਵੇ ਸਦੀਆਂ ਤੋ ਜਾਣਦਾ ਹੋਵੇ , ਜਾਪਿਆ , ਨੰਦਨ ਈ ਆ ਗਿਆ ਰੂਪ ਵਟਾ ਕੇ ਜਿਵੇਂ । ਡੀ ਐੱਸ ਪੀ ਬਾਪ ਦਾ ਬੇਟਾ ਸੀ ਉਹ, ਪਰ ਆਕੜ , ਮਿਜ਼ਾਜ ਤੋ ਕੋਹਾਂ ਦੂਰ । ਸ਼ਕਲੋਂ ਸੋਹਣਾ, ਚੰਗਾ ਗਵੱਈਆ, ਭੰਗੜਾ ਵੀ ਬਹੁਤ ਵਧੀਆ ਪਾ ਲੈਂਦਾ ਸੀ ਉਹ । ਵੇਰਕੇ ਪੜ੍ਹਦੇ ਈ ਇੱਕ ਖ਼ੂਬਸੂਰਤ ਲੜਕੀ ਨਾਲ ਉਸਦਾ ਪਿਆਰ ਪੈ ਗਿਆ ਜੋ ਈਟੀਟੀ ਕਰਦੀ ਸੀ ਉਹਦੇ ਨਾਲ ।ਕੋਰਸ ਖਤਮ ਹੁੰਦੇ ਸਾਰ ਈ ਨੌਕਰੀਆਂ ਮਿਲ ਗਈਆਂ , ਨਾਲ ਈ ਲਵ ਮੈਰਿਜ ਵੀ ਹੋ ਗਈ ।ਸਾਲ 1994 ਦੇ ਅਖੀਰ ਚ ਉਹਦੇ ਘਰੇ ਪਿਆਰੀ ਜਿਹੀ ਬੇਟੀ ਨੇ ਜਨਮ ਲਿਆ । ਪਰ ਉਹ ਦੋਸਤਾਂ ਵਿੱਚ ਇੰਜ ਵਿਚਰਦਾ ਰਿਹਾ ਕਿ ਜਿਵੇਂ ਅਜੇ ਵੀ ਕੁਵਾਰਾ ਈ ਹੋਵੇ, ਮੋਬਾਈਲ ਫ਼ੋਨ ਨਹੀ ਸਨ ਉਸ ਵਕਤ , ਪਰ ਉਹ ਗੁਰਦਾਸਪੁਰ , ਤਰਨ ਤਾਰਨ ਅੰਮ੍ਰਿਤਸਰ , ਸੱਤ ਅੱਠ ਦੋਸਤਾਂ ਦੇ ਘਰੇ ਜਾ ਜਾ ਕੇ ਪ੍ਰੋਗਰਾਮ ਤੈਅ ਕਰ ਲੈਂਦਾ ਸੀ ਕਿ ਇਕੱਠੇ ਹੋਣ ਦਾ । ਸੂਤਰਧਾਰ ਸੀ ਸਾਰੀ ਖੇਡ ਦਾ ਓਹ ਇੱਕ ਈ ਬੰਦਾ ।ਜੂਨ 1995 ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ , ਪ੍ਰਿਤਪਾਲ ਨੇ ਸਭ ਨੂੰ ਪ੍ਰੇਰ ਕੇ ਹਿਮਾਚਲ ਜਾਣ ਦੀ ਤਿਆਰੀ ਕਰ ਲਈ । ਕੁੱਲ ਸੱਤ ਜਣੇ ਗੱਡੀ ਲੈ ਕੇ ਵੀਹ ਜੂਨ ਨੂੰ ਨਿੱਕਲ ਗਏ ਪਿੰਡ ਤੋਂ , ਪਹਿਲੀ ਰਾਤ ਨੈਣੀ ਖੱਡ ਗੁਜ਼ਾਰੀ , ਅਗਲੀ ਡਲਹੌਜੀ ਤੇ ਤੀਸਰੀ ਧਰਮਸ਼ਾਲਾ ਫਿਰ ਕੁੱਲੂ ਮਨਾਲੀ, ਰੋਹਤਾਗ ਵੱਲ ਨੂੰ ਹੋ ਤੁਰੇ । ਸਭ ਯਗਾ ਘੁੰਮ ਕੇ ਵਾਪਸੀ ਵਾਇਆ ਰੋਪੜ ਕਰ ਲਈ । ਪੰਝੀ ਜੂਨ ਦੀ ਸ਼ਾਮ ਅਸੀਂ ਰਸਤੇ ਚ ਰੁਕ ਕੇ ਆਪ ਖਾਣਾ ਬਣਾਇਆ । ਖੂਬ ਨੱਚੇ, ਜੋ ਸਾਡਾ ਸਭ ਦਾ ਆਖਰੀ ਜਸ਼ਨ ਸੀ ,ਇਕੱਠਿਆਂ ਦਾ ।ਖਾਣਾ ਖਾ ਕੇ ਰਾਤ ਈ ਪਿੰਡ ਨੂੰ ਚਾਲੇ ਪਾ ਲਏ, ਕਿ ਟ੍ਰੈਫ਼ਿਕ ਘੱਟ ਪਵੇਗਾ । ਜਦੋਂ ਗੜ੍ਹ ਸ਼ੰਕਰ ਕੋਲ ਆਏ ਤਾਂ ਹਲਕੀ ਬਾਰਿਸ਼ ਸ਼ੁਰੂ ਹੋ ਗਈ । ਗੱਡੀ ਪ੍ਰਿਤਪਾਲ ਚਲਾ ਰਿਹਾ ਸੀ । ਸਾਹਮਣੇ ਤੋ ਟਰੱਕ ਆਉਦਾ ਦਿਸਿਆ , ਡਿੱਪਰ ਦਿੱਤੀ ਪਰ ਉਹਨੇ ਲਾਈਟਾਂ ਹਾਈ ਬੀਮ ਤੇ ਈ ਰੱਖੀਆਂ, ਜ਼ੋਰਦਾਰ ਧਮਾਕਾ ਹੋਇਆ ਤੇ ਹਨੇਰਾ ਛਾ ਗਿਆ, ਸਾਡੀ ਗੱਡੀ ਦੀਆਂ ਦੇ ਪਲਟੀਆਂ ਲੱਗ ਗਈਆਂ , ਪਤਾ ਨਾ ਲੱਗੇ ਕਿ ਅਸੀਂ ਕਿੰਨੇ ਜਣੇ ਬੱਚੇ ਆਂ ਤੇ ਕਿੰਨੇ ਖਤਮ । ਜਦ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਾ,ਪ੍ਰਿਤਪਾਲ ਥਾਂਏਂ ਈ ਮਰ ਚੁੱਕਾ ਸੀ, ਹਾਇ ਵੀ ਨਾ ਨਿਕਲੀ, ਮੌਤ ਮੇਰੇ ਨਾਲ ਖਹਿ ਕੇ ਲੰਘ ਗਈ ਤੇ ਸਭ ਤੋਂ ਪਿਆਰਾ ਦੋਸਤ ਪੰਜਿਆਂ ਚ ਅੜਾ ਕੇ ਲੈ ਗਈ , ਇਹ ਸ਼ੰਕਾ ਵੀ ਨਵਿਰਤ ਕਰ ਦਿੱਤਾ ਕਿ ਕੋਲ ਹੁੰਦੇ ਤਾਂ ਬੱਚਾ ਲੈਂਦੇ ।ਕ੍ਰਮਵਾਰ ਇਕੱਤੀ ਸਾਲ , ਤੇ ਚੌਵੀ ਸਾਲ ਹੋ ਚੁੱਕੇ ਨੇ ਦੋਹਾਂ ਸੱਜਣਾਂ ਨੂੰ ਤੋਰਿਆਂ , ਪਰ ਅੱਜ ਵੀ ਇੰਜ ਲੱਗਦਾ ਜਿਵੇਂ ਅਜੇ ਕੱਲ੍ਹ ਈ ਗਏ ਹੋਣ । ਇੱਕ ਇੱਕ ਨਕਸ਼ ਯਾਦ ਏ ਤੁਰ ਗਈਆਂ ਸੂਰਤਾਂ ਦਾ । ਬੇਸ਼ੱਕ ਜਿਸਮਾਨੀ ਤੌਰ ਤੇ ਨਹੀ ਪਰ ਰੂਹਾਨੀ ਤੌਰ ਤੇ ਅੱਜ ਵੀ ਦਿਲ ਚ ਧੜਕਦੇ ਨੇ । ਜਦ ਕਿਸੇ ਦਾ ਦੁੱਖ ਵੇਖਦਾਂ ਤਾਂ ਉਹ ਆਣ ਖਲੋਂਦੇ ਨੇ ਅੱਖਾਂ ਮੂਹਰੇ , ਪਤਾ ਈ ਨਹੀ ਲੱਗਦਾ ਕਦੋਂ ਬਿਰਹਾ ਗਰਮ ਹੰਝੂ ਬਣ ਵਹਿ ਤੁਰਦਾ ਏ ।ਉਹਨਾਂ ਤੋ ਬਾਅਦ ਕਈ ਲੋਕ ਜ਼ਿੰਦਗੀ ਚ ਆਏ , ਰੁਕੇ ਤੇ ਜਮਾਨੇ ਦੀ ਗਰਦਿਸ਼ ਚ ਗਵਾਚ ਗਏ, ਪਰ ਕਦੀ ਯਾਦ ਵੀ ਨਹੀ ਆਏ ।ਯਾਦ ਸਿਰਫ ਓਹੀ ਰਹਿੰਦੇ ਨੇ ਜੋ ਦਿਲਾਂ ਤੋ ਜੁੜੇ ਹੁੰਦੇ ਨੇ,ਕੁਝ ਖ਼ਾਸ ਹੁੰਦਾ ਏ ਉਹਨਾਂ ਚ , ਹਮੇਸ਼ਾਂ ਜਿਉਂਦੇ ਨੇ ਮਿੱਤਰ ਪਿਆਰਿਆਂ ਦੇ ਦਿਲਾਂ ਵਿੱਚ ,ਕੋਈ ਰਿਮਾਈਂਡਰ ਨਹੀ ਲਾਉਣਾ ਪੈਂਦਾ । ਤੇ ਉਹਨਾਂ ਦੀ ਯਾਦ ਚ ਅੱਖਾਂ ਦਾ ਨਮ ਹੋਣਾ ਈ ਇਸ ਗੱਲ ਦਾ ਗਵਾਹ ਏ ਕਿ ਸੱਚੀ ਦੋਸਤੀ ਦਾ ਨਿੱਘ ਕਦੀ ਖਤਮ ਨਹੀ ਹੁੰਦਾ, ਤਾ ਉਮਰ ਨਾਲ ਨਾਲ ਤੁਰਦਾ ਏ , ਵਹਿ ਤੁਰਦਾ ਏ ਜਦ ਵੀ ਮੌਕਾ ਮਿਲੇ । ਕਦੇ ਇਕਾਂਤ ਚ ਬੈਠੋ ਤਾਂ ਸਰੂਰ ਵੀ ਦਿੰਦਾ ਏ, ਉਹਨਾਂ ਨਾਲ ਬੈਠ ਬਿਤਾਏ ਸੁਨਹਿਰੀ ਪਲਾਂ ਨੂੰ ਯਾਦ ਕਰਕੇ , ਜ਼ਿੰਦਗੀ ਦਾ ਸਰਮਾਇਆ ਹੁੰਦੇ ਨੇ ਸੱਚੇ ਦੋਸਤ ਤੇ ਉਹਨਾ ਦੀਆਂ ਯਾਦਾਂ ।ਅਖੀਰ ਨੁਸਰਤ ਸਾਹਬ ਦੇ ਗਾਏ ਗੀਤਦੇ ਬੋਲ ਕਿ“ ਲੱਖ ਗ਼ਮ ਆਵਣ ਨਹੀ ਪ੍ਰਵਾਹਗਮਖਾਰ ਨਾ ਵਿੱਛੜੇ ।ਕਿਸੇ ਦਾ , ਯਾਰ ਨਾ ਵਿੱਛੜੇ ……ਦਵਿੰਦਰ ਸਿੰਘ ਜੌਹਲ

Sunday, 3 May 2020

May 03, 2020

ਸੁੱਚੀ ਥਾਲੀ Suchi Thaali Punjabi Story


ਇੱਕ ਆਮ ਸਾਧਾਰਨ ਜਿਹਾ ਵਿਅਕਤੀ ਜਸਪਾਲ ,ਜਸਪਾਲ ਸਿੰਘ ਪਾਲਾ ਇੱਕ ਕਰਿਆਨੇ ਦੀ ਨਿੱਕੀ ਦੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਚ ਕਿਸਮਤ ਅਜਮਾਈ ਤਾਂ ਜਿਵੇਂ ਕੁਬੇਰ ਦਾ ਖਜ਼ਾਨਾ ਮਿਲ ਗਿਆ ਹੋਵੇ ਦਿਨਾ ਚ ਹੀ ਪੈਸੇ ਦ ਅੰਮਬਾਰ ਲੱਗ ਗਏ ਅੈਸਾ ਭੇਤ ਆਇਆ ਇਸ ਕਾਰੋਬਾਰ ਦਾ ਕਿ 5 ,7 ਸਾਲਾ ਚ ਹੀ ਪਿੰਡ ਦਾ ਹੀ ਨਹੀ ਇਲਾਕੇ ਦੇ ਵੱਡਿਆਂ ਧਨਾਡਾ ਵਿੱਚ ਗਿਣਿਆਂ ਜਾਣ ਲੱਗਾ…. ਅੱਜ ਸ਼ਹਿਰ ਵਿੱਚ ਸਭ ਤੋਂ ਵੱਡਾ ਬੰਗਲਾ ਪਾਲੇ ਦਾ ਸੀ ਲਗਜ਼ਰੀ ਗੱਡੀਆਂ ਘਰ ਚ ਹਰ ਐਸ਼ੋ ਅਰਾਮ ਦਾ ਸਮਾਨ ਫੌਰਨ ਤੋਂ ਇਮਪੋਟ ਕੀਤਾ ਗਿਆ ਸੀ ਹੁਣ ਕਾਮਯਾਬੀ ਦਾ ਇਹ ਆਲਮ ਸੀ ਕਿ ਸਰਪੰਚ ,ਐਮ ਐਲ ਏ ,ਐਮ ਪੀ ਹੀ ਨਹੀ ਸਾਰੇ ਵੀ ਵੀ ਆਈ ਪੀ ਲੋਗ ਪਾਲੇ ਦੇ ਇਸ਼ਾਰਿਆਂ ਤੇ ਨੱਚਦੇ
…ਪਾਲੇ ਨੇ ਆਪਣੀ ਇਕਲੋਤੀ ਬੇਟੀ ਦਾ ਵਿਆਹ ਰੱਖਿਆ ਸ਼ਾਨਦਾਰ ਘਰ ਹੋਣ ਦੇ ਬਾਵਜੂਦ ਸ਼ਹਿਰ ਦਾ ਸਭ ਤੋਂ ਵੱਡਾ ਰਿਜੌਟ ਬੁੱਕ ਕੀਤਾ ਡੈਕੋਰੇਸ਼ਨ,ਵੇਟਰਾਂ ਦਾ ਖਰਚਾ ਮਿਲਾ, ਜੀ ਐਸ ਟੀ ਪਾ ਲਾ ਕੇ 4 ਲੱਖ ਚ ਗੱਲ ਮੁੱਕੀ
1500 ਬੰਦਿਆਂ ਦੇ ਰੇਜਮੈਂਟ ਤੇ ਕੈਟਰਿੰਗ ਦਾ ਕੁੱਲ ਖਰਚਾ 23 ਕੁ ਲੱਖ ਦਾ ਅਨੁਮਾਨ ਲਾਇਆ ਗਿਆ..
ਸਿਆਣੇ ਕਹਿੰਦੇ ਨੇ ਕਿ ਮਿਥਿਆ ਹੋਇਆ ਦਿਨ ਬੜੀ ਜਲਦੀ ਨਾਲ ਆਉਂਦਾ ਹੈ ਇਵੇਂ ਹੀ ਹੋਇਆ ਅੱਜ ਵਿਆਹ ਦਾ ਦਿਨ ਸੀ ਇਲਾਕੇ ਦੀਆਂ ਨਾਮਵਰ ਹਸਤੀਆਂ ਵਿਆਹ ਵਿੱਚ ਸ਼ਿਰਕਤ ਕਰਨ ਲਈ ਪਹੁੰਚੀਆਂ ਬਾਰਾਤ ਵੀ ਪਹੁੰਚ ਚੁੱਕੀ ਸੀ …ਸ਼ਾਨਦਾਰ ਸੋਫਿਆਂ ਤੇ ਬੈਠ ਲੋਕ ਪੈੱਗ ਤੇ ਲੈੱਗ ਨੋਚ ਰਹੇ ਸਨ ….ਹਰ ਪਾਸੇ ਇਸ ਸ਼ਾਨਦਾਰ ਵਿਆਹ ਦੀ ਤਾਰੀਫ਼ ਹੋ ਰਹੀ ਸੀ ਕਿਤੇ ਨਾ ਕਿਤੇ ਪਾਲਾ ਅੰਦਰੋਂ ਅੰਦਰੀ ਬੜਾ ਖੁਸ਼ ਸੀ ਉਸ ਦੀ ਹਉਮੈ ਅਤੇ ਹੰਕਾਰ ਬੜਾ ਸਿਖਰਾਂ ਤੇ ਸੀ ਜਦੋਂ ਲੋਕ ਇਲਾਕੇ ਦਾ ਸਭ ਤੋਂ ਵਧੀਆ ਵਿਆਹ ਕਹਿ ਰਹੇ ਸੀ ..ਡੋਲੀ ਤੁਰਨ ਤੱਕ ਲੱਗਭੱਗ ਅੱਧਿਓ ਵਧ ਲੋਕ ਜਾ ਚੁੱਕੇ ਸਮਾਂ ਬੀਤਿਆ ਡੋਲੀ ਦਾ ਵੇਲਾ ਆਇਆ ਤਾਂ ਸਿਰਫ ਕੁਝ ਇਕ ਪਰਿਵਾਰਕ ਮੈਂਬਰ ਹੀ ਸਨ ਡੋਲੀ ਵਿਦਾ ਹੋਈ ਬਾਕੀ ਲੋਕ ਫਿਰ ਤੋਂ ਪੈਲੇਸ ਦੇ ਅੰਦਰ ਗਏ …ਧੀ ਵਿੱਦਿਆ ਹੋਈ ਪਾਲਾ ਥੋੜ੍ਹਾ ਜਿਹਾ ਉਦਾਸ ਸੀ ਮਨ ਹੌਲਾ ਕਰਨ ਲਈ ਥੋੜ੍ਹਾ ਜਿਹਾ ਸਾਈਡ ਨੂੰ ਟੈੱਲਨ ਨਿਕਲਿਆ ਤਾਂ ਇੱਕ ਦਮ ਰੂਹ ਕੰਬ ਗਈ ਜਦੋਂ ਇੱਕ ਬਜ਼ੁਰਗ ਮਹਿਲਾ ਤੇ ਉਹਦੇ ਨਾਲ ਇੱਕ ਛੋਟੀ ਜਿਹੀ ਬੱਚੀ ਨੂੰ ਝੂਠੀਆਂ ਪੱਤਲਾਂ ਵਿੱਚੋਂ ਖਾਣਾ ਖਾਂਦੇ ਦੇਖਿਆ ਛੋਟੀ ਜਿਹੀ ਬੱਚੀ ਉਮਰ ਸੱਤ ਅੱਠ ਸਾਲ ਉੱਚੀ ਜਿਹੀ ਫਰਾਕ ਪਾਈ ਹੋਈ ਉਹਦੇ ਗੋਡੇ ਅਤੇ ਸਿਰ ਵਿੱਚੋਂ ਖੂਨ ਸਿਮ ਰਿਆ ਸੀ ਅੱਖਾਂ ਵਿੱਚ ਹੰਝੂ ਪਰ ਉਹ ਖਾਣ ਵਿੱਚ ਮਗਨ ਸੀ
ਕੋਲ ਜਾ ਕੇ ਪਾਲਾ ਬੋਲਿਆ ਮਾਤਾ ਜੀ ਇਹ ਕੀ ਕਰ ਰਹੇ ਹੋ ਜੂਠਾ ਖਾਣਾ ਕਿਉਂ ਖਾ ਰਹੇ ਜੋ ਆਓ ਅੰਦਰ ਆ ਕੇ ਖਾਣਾ ਖਾ ਲਓ ਮਾਤਾ ਬੋਲੀ ਬੇਟਾ ਗਈ ਸੀ ਬੱਚੀ ਅੰਦਰ ਪਰ ਤੁਹਾਡੇ ਕਿਸੇ ਪ੍ਰਬੰਧਕ ਨੇ ਖਾਣਾ ਤਾਂ ਕੀ ਦੇਣਾ ਸੀ ਧੱਕਾ ਮਾਰਿਆ ਜਿਸ ਕਾਰਨ ਬੱਚੀ ਦੇ ਸਿਰ ਤੇ ਗੋਡੇ ਉੱਤੇ ਸੱਟ ਵੀ ਲੱਗੀ ਏ ਬਾਕੀ ਕੋਈ ਗੱਲ ਵੀ ਪੁੱਤਰਾਂ ਆ ਜੂਠ ,ਸੁੱਚ ਰੱਜੇ ਪੁੱਜੇ ਲੋਕਾਂ ਦਾ ਬਹਾਨਾ ਹੁੰਦਾ…. ਤਿੰਨ ਦਿਨ ਤੋਂ ਭੁੱਖੇ ਲਈ ਇਹ ਜੁੂਠ ਨਹੀਂ ਇਹ ਵੀ ਅੰਮ੍ਰਿਤ ਈ ਏ ….ਨਾਲੇ ਬੇਟਾ ਜੀ ਹੁਣ ਤਾਂ ਭਰ ਪੇਟ ਖਾਣਾ ਖਾ ਲਿਆ ਏ ਤ੍ਰਿਪਤ ਹੋ ਗਈ ਆਂ ਪੰਜਾਂ ਛਿਆਂ ਪੱਤਲ਼ਾਂ ਦੇ ਵਿੱਚੋਂ ਇੱਕ ਪੱਤਰ ਵਿੱਚ ਇਕੱਠੇ ਕੀਤੇ ਚੌਲ ਲਿਫਾਫੇ ਚ ਪਾਉਂਦੀ ਹੋਈ ਬੋਲੀ ਮੈਂ ਤਾਂ ਰਾਤ ਜੋਗੇ ਵੀ ਲੈਂ ਲਏ ਨੇ …ਕਹਿੰਦੀ ਹੋਈ ਉੱਠ ਕੇ ਤੁਰਨ ਲੱਗੀ ….ਪਾਲੇ ਨੇ ਗੌਹ ਨਾਲ ਤੱਕਿਆ ਉਹ ਮੰਗਤੀ ਨਹੀਂ ਸੀ ਕਿਉਂਕਿ ਉਸ ਨੇ ਪਾਲੇ ਅੱਗੇ ਹੱਥ ਨਹੀਂ ਅੱਡਿਆ ਬਲਕਿ ਚੁੰਨੀ ਨਾਲ ਲਿੱਬੜੇ ਹੋਏ ਹੱਥ ਨੂੰ ਪੂਝਦੇ ਹੋਏ ਪਾਲੇ ਦੇ ਸਿਰ ਤੇ ਰੱਖ ਕੇ ਬੋਲੀ

Friday, 17 April 2020

April 17, 2020

ਸ਼ਾਇਦ ਰੰਮੀ ਮੰਨ ਜਾਏ ਅਜਮੇਰ ਸਿੱਧੂ Punjabi Story


ਮੈਨੂੰ ਕੱਲ੍ਹ ਦਾ ਸੱਤੇ ਦੀਆਂ ਅੱਖਾਂ ਦੀ ਲਾਲੀ ਤੋਂ ਭੈਅ ਨਹੀਂ ਆਇਆ। ਮੈਨੂੰ ਤਾਂ ਡਾਂਸਰ ਕੁੜੀ ਦੀ ਖੁਮਾਰੀ ਚੜ੍ਹੀ ਹੋਈ ਆ । ਭਰ ਜਵਾਨ, ਗੋਰੀ-ਚਿੱਟੀ, ਤਿੱਖੇ ਤਰਾਸ਼ੇ ਹੋਏ ਨਕਸ਼ ਸਨ ਉਹਦੇ। ਮੋਟੀਆਂ-ਮੋਟੀਆਂ ਬਿੱਲੀਆਂ ਅੱਖਾਂ, ਜਿਨ੍ਹਾਂ ਵਿੱਚ ਅਚੰਭੇ ਦੀ ਛੁਹ ਸੀ। ਸਿੱਧੇ-ਸਾਦੇ ਗੁੰਦੇ ਹੋਏ ਵਾਲ, ਚਿਤੜਾਂ ਤੱਕ ਡਿੱਗਦੀ ਗੁੱਤ। ਭੋਲੀ-ਭਾਲੀ, ਹੱਸ-ਮੁਖ, ਖੁਲ੍ਹਾ-ਡੁਲ੍ਹਾ ਸੁਭਾਅ। ਸਟੇਜ 'ਤੇ ਤਾਂ ਉਹ ਪੈਲਾਂ ਪਾਉਂਦੀ ਫਿਰਦੀ ਸੀ। ਕੋਈ ਨੰਗ ਨਹੀਂ, ਕੋਈ ਅਸ਼ਲੀਲ ਹਰਕਤ ਨਹੀਂ। ਬੱਸ ਉਹਦੀ ਕਲਾ ਨੇ ਮੈਨੂੰ ਮੋਹ ਲਿਆ ਸੀ। ਜਦੋਂ ਉਸਦੇ ਗਰੁੱਪ ਨੇ 'ਬੂਹੇ ਬਾਰੀਆਂ' ਗੀਤ 'ਤੇ ਕੋਰਿਓਰਗ੍ਰਾਫ਼ੀ ਟਾਈਪ ਡਾਂਸ ਪੇਸ਼ ਕੀਤਾ, ਮੈਂ ਤਾਂ ਅੱਸ਼-ਅੱਸ਼ ਕਰ ਉੱਠੀ। ਉਹਦੀ ਕਲਾਕਾਰੀ ਨੇ ਜਿਵੇਂ ਮੇਰੇ 'ਤੇ ਟੂਣਾ ਕਰ ਦਿੱਤਾ ਹੋਵੇ। ਉਸ ਟੂਣੇਹਾਰੀ ਨੇ ਰਾਤ ਵੀ ਮੈਨੂੰ ਸੌਣ ਨਹੀਂ ਦਿੱਤਾ। ਮੈਂ ਰੰਮੀ ਨਾਲ ਉਹਦੀਆਂ ਗੱਲਾਂ ਕਰਦੀ ਰਹੀ। ਵਾਰ-ਵਾਰ ਫ਼ਗਵਾੜੇ ਦੇ ਉਸ ਪੈਲੇਸ ਦਾ ਜ਼ਿਕਰ ਕਰਦੀ ਰਹੀ, ਜਿੱਥੇ ਵਿਆਹ ਵਾਲੀ ਪਾਰਟੀ 'ਤੇ ਉਹਤੇ ਮੈਂ ਮਰੀ। ਮੇਰਾ ਚਿੱਤ ਕਰੇ ਕਿ ਕੁਲਜੀਤ ਨੂੰ ਕਹਾਂ - ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਆਖ਼ਰ ਸੁਹੱਪਣ ਵੀ ਕੋਈ ਚੀਜ਼ ਹੁੰਦੀ ਆ।ਕਲਾ ਵੀ ਕੋਈ ਚੀਜ਼ ਹੁੰਦੀ ਆ।
ਇੱਕ ਪਾਸੇ ਉਹ ਟੂਣੇਹਾਰਨ, ਦੂਜੇ ਪਾਸੇ ਰੱਜੂ ਤੇ ਲੱਭੂ......ਤੀਜੀ ਮੇਰੀ ਧੀ ਰੰਮੀ। ਮੇਰੀ ਧੀ ਕਿਹੜਾ ਕਿਸੇ ਨਾਲੋਂ ਘੱਟ ਆ। ਇਹ ਸਾਰੀ ਦੀ ਸਾਰੀ ਦਿਲਕਸ਼ੀ ਵਾਲੀ ਆ। ਕਾਲੇ ਸੰਘਣੇ ਵਾਲ ਹਨ। ਸਿੱਧੇ ਸਵਾਹਰੇ ਪਿੱਠ 'ਤੇ ਪੈਂਦੇ ਨੇ। ਰੰਗ ਸਾਂਵਲਾ ਆ। ਚਿਹਰੇ 'ਤੇ ਉਦਾਸੀ ਆ। ਅੱਖਾਂ ਮੋਟੀਆਂ, ਸੁਰਮਈ, ਸਵਾਲਾਂ ਭਰੀਆਂ। ਆਪਣੇ ਮਾਮੇ ਸੱਤੇ ਦੀਆਂ ਅੱਖਾਂ ਵਰਗੀਆਂ। ਸੱਤੇ ਦੀਆਂ ਅੱਖਾਂ ਬਿਲਕੁੱਲ ਸੁਖਦੇਵ ਵਰਗੀਆਂ। ਸੱਤਾ ਭਗਤ ਸਿੰਘ ਜਿੰਨਾ ਸੋਹਣਾ ਨਹੀਂ ਸੀ। ਪਰ ਸੁਖਦੇਵ ਤੇ ਉਹਦੀਆਂ ਅੱਖਾਂ ਦਾ ਭੁਲੇਖਾ ਪੈਂਦਾ। ਰੰਮੀ ਨੂੰ ਅੱਖਾਂ 'ਤੇ ਮਾਣ ਵੀ ਬੜਾ।
"ਇਨ੍ਹਾਂ ਅੱਖਾਂ ਨੇ ਕੰਮ ਦੇਣਾ।"
ਮੈਂ ਹੁਣ ਰੰਮੀ ਦੀਆਂ ਇਨ੍ਹਾਂ ਗੱਲਾਂ ਨੂੰ ਭੁੱਲਣਾ ਚਾਹੁੰਦੀ ਹਾਂ। ਉਸ ਟੂਣੇਹਾਰੀ ਦੀ ਕਲਾ........ਉਹਦੇ ਅੰਗ-ਅੰਗ ਵਿੱਚ ਖੁਭੀ ਹੋਈ ਆਂ। ਉਹ ਸਾਰਿਆਂ ਵਿੱਚੋਂ ਅਲੱਗ ਹੀ ਦਿਸਦੀ ਸੀ। ਜਦੋਂ ਉਹ ਸਟੇਜ 'ਤੇ ਆਉਂਦੀ। ਹਾਲ ਤਾੜੀਆਂ ਨਾਲ ਗੂੰਜ ਜਾਂਦਾ। ਉਹਦੇ ਟਾਇਮ ਮਸਤੀ ਕਰ ਰਹੇ ਸ਼ਰਾਬੀ ਬੀਬੇ ਬਣ ਜਾਂਦੇ। ਉਸ ਨੇ ਮੇਰੀ ਦੋਚਿੱਤੀ ਤੋੜੀ ਹੈ। ਨਹੀਂ ਤਾਂ ਮੈਂ ਕਈ ਮਹੀਨਿਆਂ ਤੋਂ ਆਪਣੇ ਆਪ ਨਾਲ ਘੁਲ ਰਹੀ ਹਾਂ। ਇੱਕ ਪਾਸੇ ਸੱਤੇ ਦੀਆਂ ਅੱਖਾਂ ਦੀ ਲਾਲੀ ਦਾ ਭੈਅ..............ਦੂਜੇ ਪਾਸੇ ਬਿਮਲੇ ਦੇ ਚਿਹਰੇ ਦਾ ਨੂਰ। ਇਨ੍ਹਾਂ ਦੋਨਾਂ ਨੇ ਮੈਨੂੰ ਗਧੀ-ਗੇੜ ਵਿੱਚ ਪਾਇਆ ਹੋਇਆ ਸੀ। ਮੇਰੇ ਤੋਂ ਫ਼ੈਸਲਾ ਨਹੀਂ ਹੋ ਰਿਹਾ ਸੀ। ਵਾਹ ਨੀ, ਧੀਏ। ਰਾਜ਼ੀ ਰਹਿ। ਹੁਣ ਮੈਂ ਸੱਤੇ ਦੀਆਂ ਅੱਖਾਂ ਦੀ ਘੂਰ ਝੱਲ ਲਊਂ। ਮੇਰੀਆਂ ਅੱਖਾਂ ਵਿੱਚ ਸੁਪਨੇ ਦੀ ਧੁੰਦ ਏ। ਮੈਂ ਰੰਮੀ ਨੂੰ ਮਨਾ ਲੈਣਾ।
ਮੈਨੂੰ ਸਿਰਫ਼ ਬਿਮਲਾ ਦਿਸਦੀ ਆ। ਉਸ ਦੀਆਂ ਧੀਆਂ ਰੱਜੂ ਤੇ ਲੱਭੂ........ ਕਾਰਾਂ ਕੋਠੀਆਂ। ਮੈਂ ਤਾਂ ਸੁੱਕੀ-ਸੁੱਕੀ, ਲਿੱਸੀ-ਲਿੱਸੀ, ਬੁਝੀ-ਬੁਝੀ.........ਔੜਾਂ ਮਾਰੇ ਇਲਾਕੇ ਦੀ ਤੀਵੀਂ ਮਾਨੀ। ਚਿੜੀ ਦੇ ਬੋਟ ਵਾਂਗ ਸਹਿਮੀ-ਸਹਿਮੀ ਤੇ ਨਿਆਸਰੀ ਹੋਈ, ਨੁਚੜੀ-ਨੁਚੜੀ ਲਗਦੀ ਹਾਂ। ਸਾਡੇ ਘਰ ਦਾ ਹਾਲ ਦੇਖ ਲਓ। ਤਿੰਨ-ਤਿੰਨ ਖਣ ਦੇ ਦੋ ਕਮਰੇ ਆ। ਤੀਜਾ ਪਸ਼ੂਆਂ ਵਾਲਾ। ਵਿਆਹ ਤੋਂ ਪਹਿਲਾਂ ਰੰਮੀ ਦੇ ਡੈਡੀ ਨੇ ਪਤਾ ਨਹੀਂ ਇਹ ਕਿੱਦਾਂ ਬਣਾ ਲਏ। ਜਿਸ ਦਿਨ ਦੀ ਮੈਂ ਇਸ ਘਰ ਵਿੱਚ ਵਿਆਹੀ ਆਈ ਹਾਂ, ਆਹ ਇੱਕ ਰਸੋਈ ਤੇ ਗੁਸਲਖਾਨਾ ਬਣਾਏ ਆ। ਨਹੀਂ ਤਾਂ ਮੰਜਾ ਖੜਾ ਕਰਕੇ ਨਹਾਉਣਾ ਪੈਂਦਾ ਸੀ।
ਮੱਝ ਅੜਿੰਗਣ ਲੱਗ ਪਈ ਹੈ।
ਪਹਿਲਾਂ ਤਾਂ ਇਹਨੂੰ ਪਾਣੀ ਪਿਲਾਵਾਂ। ਮਸ਼ੀਨ ਮੋਹਰੇ ਪੱਠੇ ਕੁਤਰੇ ਪਏ ਆ। ਉਹ ਇਹਨੂੰ ਪਾਵਾਂ। ਇਹਦੇ ਦੁੱਧ ਨਾਲ ਘਰ ਦਾ ਗੁਜ਼ਾਰਾ ਚੱਲਦਾ। ਰੰਮੀ ਨਾਲ ਬਾਅਦ 'ਚ ਗੱਲ ਕਰਦੀ ਆਂ। ਉਂਝ ਵੀ ਹੁਣ ਉਹ ਪੜ੍ਹਨ ਬੈਠ ਗਈ ਆ। ਇਹਦਾ ਚੌਥ ਨੂੰ ਹਿਸਟਰੀ ਦਾ ਪੇਪਰ ਆ।ਸਵੇਰ ਦੀ ਪੇਪਰ ਦੀ ਤਿਆਰੀ 'ਚ ਜੁਟੀ ਹੋਈ ਹੈ। ਮੁੰਡਾ ਵੀ ਆਉਣ ਵਾਲਾ। ਉਹਦੇ ਆਉਣ ਤੋਂ ਪਹਿਲਾਂ-ਪਹਿਲਾਂ ਪੜ੍ਹ ਲਏ। ਕਲੇਸ਼ ਦਾ ਕੀ ਪਤਾ.....।
ਕਮਜਾਤ ਨੇ ਉਂਗਲੀ ਲਹੂ-ਲੁਹਾਣ ਕਰ ਦਿੱਤੀ। ਖੁਰਲੀ 'ਚ ਐਦਾਂ ਮੂੰਹ ਮਾਰਨ ਨੂੰ ਦੌੜੀ, ਜਿੱਦਾਂ ਪੱਠਿਆਂ ਦਾ ਟੋਕਰਾ ਮੈਂ ਨਾਲ ਹੀ ਲੈ ਜਾਣਾ ਹੁੰਦਾ। ਇਹਦੇ ਸੰਗਲ ਦੀਆਂ ਅੜੀਆਂ ਥਾਂ-ਥਾਂ ਤੋਂ ਟੁੱਟੀਆਂ ਹੋਈਆਂ।..........ਉਂਗਲੀ ਮੂੰਹ ਨਾਲ ਚੂਸੀ ਕਈ ਵਾਰ। ਚਿੱਤ ਕਰਦਾ ਆ, ਫਹੁੜੇ ਨਾਲ ਲੱਤਾਂ ਭੰਨ ਦੇਵਾਂ ਕਮਜ਼ਾਤ ਦੀਆਂ। ਰੋਜ਼ ਦਾ ਇਹੀ ਕੰਜਰਖਾਨਾ। ਮੈਨੂੰ ਮੌਤ ਵੀ ਨਹੀਂ ਆਉਂਦੀ।ਚਿੱਤ ਕਰਦਾ ਏ, ਸਾਰੇ ਚੌਣੇ ਨੂੰ ਛੱਡ ਕੇ ਭੱਜ ਜਾਂ ਕਿਤੇ। ਸੋਚਦੀ ਹਾਂ, ਬਿਮਲਾ ਨੂੰ ਕਹਾਂ__
"ਭਾਬੋ ਰਾਣੀਏਂ, ਆਪਣੇ ਘਰ ਰੱਖ ਲੈ। ਭਾਵੇਂ ਨੌਕਰਾਣੀ ਬਣਾ ਕੇ ਰੱਖ ਲਈਂ। "
ਅੱਠ-ਨੌਂ ਮਹੀਨੇ ਪਹਿਲਾਂ, ਇਸ ਘਰ ਦੇ ਖਲਜਗਣ ਤੋਂ ਅੱਕੀ ਰੰਮੀ ਦੇ ਨਾਨਕੀਂ ਭਾਰਟੇ ਚਲੀ ਵੀ ਗਈ ਸੀ। ਬੀਜੀ ਤੇ ਬਾਊ ਜੀ ਵੱਲ ਵੇਖ ਕੇ ਮਨ ਹੋਰ ਖ਼ਰਾਬ ਹੋਇਆ ਸੀ। ਉਹਨੀਂ ਪੈਰੀਂ ਮੁੜਨ ਲੱਗੀ ਸੀ। ਪਰ ਹੇਮੇ ਵੀਰ ਦੇ ਘਰ ਜਾ ਵੜੀ ਸੀ। ਮੈਨੂੰ ਦੇਖ ਕੇ ਬਿਮਲਾ ਭਾਬੀ ਦੀਆਂ ਵਾਛਾਂ ਖਿੜ ਗਈਆਂ__
"ਆ ਜਾ ਨਣਾਨੇਂ । ਕੋਈ ਕੋਲਡ ਡਰਿੰਕ ਪੀਣਾ ਜਾਂ........।"
ਮੈਂ ਉਹਦੀ ਜਾਂ ਤੋਂ ਡਰ ਗਈ ਸੀ। ਹੋਰ ਕਿਤੇ ਬਾਬਾ.......।
ਕੋਕ ਪੀ ਕੇ ਸਾਹ ਆਇਆ ਸੀ। ਮੈਂ ਡਰਦੀ-ਡਰਦੀ ਨੇ ਕੁਲਜੀਤ ਦੀ ਦੱਸੀ ਹੋਈ ਲੱਭੂ ਤੇ ਰੱਜੂ ਵਾਲੀ ਗੱਲ ਛੇੜੀ। ਉਹ ਖਿੜ ਖਿੜਾ ਕੇ ਹੱਸ ਪਈ__।
"ਕੁੜੇ ਤਾਰੋ, ਕਿਚਨ 'ਚ ਆਜਾ।"
ਲੱਭੂ ਤੇ ਰੱਜੂ ਵੀ ਉਸ ਮੌਕੇ ਘਰ ਆ ਵੜੀਆਂ ਸਨ। ਬਿਮਲਾ ਨੇ ਕੰਗਣੀ ਵਾਲੇ ਗਲਾਸ ਮੇਰੇ ਸਾਹਮਣੇ ਰੱਖੇ। ਦੁੱਧ ਦੇ ਭਰੇ। ਉਨ੍ਹਾਂ ਦੇ ਹੱਥਾਂ ਵਿੱਚ ਫ਼ੜਾ ਦਿੱਤੇ। ਉਹ ਪੀਈ ਜਾਣ। ਇਹ ਉਨ੍ਹਾਂ ਦੀ ਪਿੱਠ ਥਾਪੜੀ ਜਾਵੇ। ਉੱਥੋਂ ਦੂਜੇ ਦਿਨ ਘਰ ਮੁੜ ਆਈ।
ਮੇਰੇ ਸਾਹਮਣੇ ਟੂਣੇਹਾਰੀ, ਬਿਮਲਾ, ਲੱਭੂ, ਰੱਜੂ ਤੇ ਰੰਮੀ ਏ। ਮੈਂ ਬਿਮਲਾ ਵਾਂਗ ਕਰਨ ਲੱਗੀ ਹਾਂ। ਰਸੋਈ ਵਿੱਚ ਵੜੀ ਆਂ। ਕਿਸੇ ਨਾਲ ਕੰਬ ਗਈ ਆਂ।ਸ਼ੈਲਫ਼ ਤੇ ਗਲਾਸ ਰੱਖ ਦਿੱਤਾ। ਸੋਚਦੀ ਆਂ ਪਹਿਲਾਂ ਰੰਮੀ ਨਾਲ ਗੱਲ ਕਰ ਲਵਾਂ। ਗੱਲ ਵੀ ਕਿਸੇ ਤਰੀਕੇ ਨਾਲ ਕਰਨੀ ਪੈਣੀ ਆ।ਇਹਦਾ ਕਲਹਿਣੀ ਦਾ ਕੀ ਪਤਾ। ਨਾਲੇ ਸੱਤੇ ਦਾ.........। ਮੈਨੂੰ ਇੱਕ ਗੱਲ ਸਮਝ ਨਹੀਂ ਲਗਦੀ। ਮੈਂ ਹੁਣ ਕਿਉਂ ਸੱਤੇ ਤੋਂ ਡਰਦੀ ਆਂ। ਦੇਖ ਖਾਂ ਤਾਂ ਰੂਪੇ ਨੂੰ।
ਡੇਢ ਕੁ ਸਾਲ ਪਹਿਲਾਂ, ਮੇਰਾ ਛੋਟਾ ਅਲਜੀਤ ਮੋਬਾਈਲ ਲੈਣ ਦੀ ਅੜੀ ਕਰਨ ਲੱਗ ਪਿਆ।ਮੋਬਾਈਲ਼ ਖ਼ਰੀਦਣ ਦੀ ਮੇਰੇ ਕੋਲ ਹਿੰਮਤ ਨਹੀਂ ਸੀ। ਥੇਹ ਪੈਣੇ ਨੇ ਅੱਤ ਚੁੱਕ ਲਈ.__।
"ਅੱਜ ਕਲ੍ਹ ਭਈਏ ਮੋਬਾਈਲ ਲਈ ਫਿਰਦੇ ਆ।.....ਨਾ ਘਰ ਵਿੱਚ ਲੈਂਡ ਫੋਨ ਆ।......ਆਹ ਸਾਲਾ ਟੁੱਟਿਆ ਜਿਹਾ ਬਲੈਕ ਐਂਡ ਵਾਈਟ ਟੀ ਵੀ ਪਿਆ। ਭੁੱਖੇ ਨੰਗੇ ਕਿਤੋਂ ਦੇ। ਸਾਨੂੰ ਕਾਹਨੂੰ ਜਮਾਉਣਾ ਸੀ ਜੇ.......।"
"ਤੂੰ ਪਟਿਆਲੇ ਵਾਲੇ ਮਹਾਰਾਜੇ ਦੇ ਘਰ ਜੰਮਿਆਂ? ਪਿਓ ਤੇਰੇ ਦਾ ਕੋਈ ਚੱਜ ਆਚਾਰ ਨਹੀਂ। ਦਿਹਾੜੀ ਲਾਉਂਦਾ। ਡੱਫਣ ਬਹਿ ਜਾਂਦਾ। "
ਮੈਂ ਬਥੇਰਾ ਕਲਪੀ ਸੀ। ਪਰ ਇਹ ਮੁੰਡਾ ਟੱਸ ਤੋਂ ਮੱਸ ਨਾ ਹੋਇਆ। ਇਹਦੇ ਵੀ ਪਿਓ ਵਾਲੇ ਚਾਲੇ ਐ। ਮੈਂ ਸੋਚਦੀ ਆਂ, ਪੜ੍ਹ ਜਾਵੇ। ਕੋਈ ਨੌਕਰੀ ਮਿਲ ਜਾਊਗੀ। ਮੇਰਾ ਪੁਲਸੀਆ ਭਾਣਜਾ ਕਹਿੰਦਾ ਸੀ - ਭਰਤੀ ਕਰਵਾ ਦਊਂਗਾ। ਪਰ ਇਸ ਕੰਜਰ ਨੂੰ ਨਾ ਘਰ ਦੀ ਹਾਲਤ ਦਿਖਦੀ ਆ, ਨਾ ਮੈਂ ਭੰਸੜਾ ਭੰਨਾਉਂਦੀ। ਕਹਿੰਦਾ - ਪੜ੍ਹਨ ਤਾਂ ਜਾਣਾ, ਜੇ ਮੋਬਾਇਲ ਲੈ ਕੇ ਦਿਉਗੇ। ਮੈਂ ਇਹਦੇ ਪਿਉ ਨੂੰ ਕਿਹਾ। ਉਹ ਚਾਰੇ ਖੁਰ ਚੁੱਕ ਕੇ ਪੈ ਗਿਆ__।
"ਤੇਰੇ ਪਿਉ ਨੇ ਮੈਨੂੰ ਨੋਟ ਦਿੱਤੇ ਸੀ। ਮੇਰੀ ਕਮਾਈ ਤਾਂ ਭਾਰਟੇ ਨੂੰ ਢੌਈ ਜਾਂਦੀ ਏ।......ਆਹ ਗੰਦੀ ਔਲਾਦ ਪਤਾ ਨਹੀੰ ਕਿੱਥੋਂ ਲੈ ਆਈ।"
ਉਹਨੇ ਹੋਰੇ ਪੁਆੜਾ ਪਾ ਲਿਆ ਸੀ । ਰੰਮੀ ਨੇ ਪਿਓ ਵੱਲ ਡੇਲੇ ਕੱਢ ਕੇ ਦੇਖਿਆ ਸੀ। ਪਤਾ ਨਹੀਂ ਉਹਨੂੰ ਹੋਰ ਕੀ-ਕੀ ਬੋਲਦਾ। ਸਵੇਰੇ ਘੁੱਟ ਲਾਈ ਬੈਠਾ ਸੀ। ਉਹਨੂੰ ਭੌਂਕਦੇ ਨੂੰ ਛੱਡ ਕੇ ਮੈਂ ਭਾਰਟੇ ਨੂੰ ਤੁਰ ਪਈ। ਸੋਚਿਆ ਕਿ ਬਿਮਲਾ ਦੇ ਨਿਆਣਿਆਂ ਦਾ ਮਿੰਨਤ ਤਰਲਾ ਕਰਾਂ। ਉਹ ਤਾਂ ਸਾਰੇ ਜਣੇ ਦੋ –ਦੋ
ਤਿੰਨ-ਤਿੰਨ ਲਈ ਫਿਰਦੇ ਨੇ। ਕਿਸੇ ਨੇ ਇੱਕ ਕੰਨ ਨਾਲ ਲਾਇਆ ਹੁੰਦਾ ਤੇ ਦੂਜਾ ਗਲੇ 'ਚ ਲਟਕਾਇਆ ਹੁੰਦਾ। ਆਪਣੀ ਬੀਹੀ ਵੜੀ। ਬਿਮਲਾ ਉਪਰਲੀ ਮੰਜ਼ਿਲ ਤੇ ਟਹਿਲ ਰਹੀ ਸੀ। ਹੱਥ ਨਾਲ ਅੰਦਰ ਨੂੰ ਸੱਦੀ ਜਾਵੇ। ਫੋਨ ਸੁਨਣ ਵਿੱਚ ਮਸਤ ਸੀ। ਬਾਹਰੋਂ ਫੋਨ ਆਇਆ ਹੋਣਾ ਏ। ਉਹਦਾ ਮੁੰਡਾ ਕਿੰਦਾ ਇਟਲ਼ੀ ਆ । ਹੇਮਾ ਵੀਰ ਵੀ ਉਹਨੂੰ ਮਿਲਣ ਗਿਆ ਐ ਇਟਲੀ। ਉਹਨਾਂ ਦਾ ਹਊ ਜਾਂ........। ਇਨ੍ਹਾਂ ਦੇ ਬਥੇਰੇ......।
ਛੋਟਾ ਗੇਟ ਖੁੱਲ੍ਹਾ ਸੀ । ਮੈਂ ਅੰਦਰ ਜਾ ਵੜੀ। ਡਰਾਇੰਗ ਰੂਮ ਦੇ ਨਾਲ ਦੇ ਕਮਰੇ ਵਿੱਚ ਸੀ. ਡੀ. ਪਲੇਅਰ ਚੱਲ ਰਿਹਾ ਸੀ। ਮੈਂ ਦਰਵਾਜ਼ਾ ਖੋਲ੍ਹਿਆ, ਲੱਭੂ ਤੇ ਰੂਪਾ ਗੀਤ ਤੇ ਨੱਚ ਰਹੇ ਸਨ। ਗੁਆਂਢੀਆਂ ਦੇ ਸੱਤ-ਅੱਠ ਸਾਲ ਦੇ ਤਿੰਨ ਨਿਆਣੇ ਵੀ ਉਨਾਂ ਦੀ ਨਕਲ ਕਰ ਰਹੇ ਸਨ। ਪਹਿਲਾਂ ਤਾਂ ਮੈਨੂੰ ਕੁੜੀ ਦੇ ਕੱਪੜੇ ਵੇਖ ਕੇ ਤਰੇਲੀ ਆ ਗਈ। ਅੰਡਰ ਸ਼ਰਟ ਵਰਗੀ ਝੱਗੀ ਜਿਹੀ ਪਾਈ ਸੀ। ਸਾਰਾ ਲੱਕ ਤੇ ਢਿੱਡ ਨੰਗਾ। ਦਾਦੇ ਮਗਾਣਾ ਮੋਹਰੇ ਕੱਟ.........। ਤੋਬਾ-ਤੋਬਾ.........। ਦੋਨੋਂ ਛਾਤੀਆਂ ਬਾਹਰ ਡਿੱਗਣ ਨੂੰ ਫਿਰਨ। ਰੂਪਾ ਗੀਤ ਦੇ ਬੋਲਾਂ 'ਤੇ ਇਸ਼ਾਰੇ ਕਰੇ ਤਾਂ ਉਂਗਲੀ ਛਾਤੀ ਤੱਕ ਲੈ ਕੇ ਜਾਵੇ। ਜਦੋਂ ਸੰਗੀਤ ਦੀ ਧੁੰਨ ਵੱਜੇ, ਛਾਤੀਆਂ ਨੂੰ ਮੁੰਡੇ ਦੇ ਮੂਹਰੇ ਕਰਕੇ ਹਿਲਾਵੇ। ਜਿੱਦਾਂ ਸਟੇਜ ਤੇ ਡਾਂਸਰਾਂ ਹਿਲਾਉਂਦੀਆਂ ਹੁੰਦੀਆਂ। ਆਹ ਕੱਲ੍ਹ ਫਗਵਾੜੇ ਪੈਲੇਸ ਵਿੱਚ ਕੁੜੀ ਨੇ ਛਾਤੀ ਤੋਂ ਚੁੰਨੀ ਨਹੀਂ ਲਾਹੀ।ਬੰਦ ਗਲੇ ਦਾ ਸੂਟ ਪਾਇਆ ਸੀ। ਲੱਭੂ ਨੇ ਤਾਂ......। ਗੱਲ ਈ ਛੱਡੋ। ਧੁੰਨ ਤੇਜ਼ ਹੋਈ ਤਾਂ ਲੱਭੂ ਜ਼ਿਆਦਾ ਹਿਲਾਉਣ ਲੱਗ ਪਈ। ਉਸ ਦੀ ਰੀਸੇ ਨਿਆਣਿਆਂ ਵਿਚੋਂ ਦੋ ਬੱਚੀਆਂ ਵੀ ਹਿੱਕ ਹਿਲਾਉਣ ਲੱਗ ਪਈਆਂ। ਲੱਭੂ ਦੀ ਬਰਾ ਦੀ ਹੁੱਕ ਖੁੱਲ੍ਹ ਗਈ। ਉਹਨੇ ਸੀ. ਡੀ. ਪਲੇਅਰ ਬੰਦ ਕਰ ਦਿੱਤਾ।
"ਭੂਆ ਜੀ, ਨਮਸਤੇ। ਬੈਠੋ.....। ਅਸੀਂ ਰੀਹਰਸਲ ਕਰਦੇ ਪਏ ਆਂ।"ਰੁਮਾਲ ਨਾਲ ਪਸੀਨਾ ਪੂੰਝਦੀ ਲੱਭੂ ਨੇ ਮੈਨੂੰ ਗਲਵਕੜੀ ਪਾਈ।
"ਪੈਰੀਂ ਪੈਂਦਾ, ਭੂਆ ਜੀ।" ਰੂਪਾ ਮੱਥਾ ਟੇਕ ਕੇ ਕੁਰਸੀ ਚੁੱਕ ਲਿਆਇਆ।
"ਰੂਪੇ, ਪਹਿਲਾਂ ਮੇਰੀ ਹੁੱਕ ਲਾ।" ਲੱਭੂ ਨੇ ਝੱਗੀ ਜਿਹੀ ਦਾ ਪਿਛਲਾ ਪਾਸਾ ਚੁੱਕ ਦਿੱਤਾ ਸੀ।
ਰੂਪੇ ਨੇ ਦੋਨਾਂ ਹੱਥਾਂ ਨਾਲ ਬੈਲਟਾਂ ਫੜੀਆਂ ਤੇ ਹੁੱਕ ਲਾ ਦਿੱਤੀ। ਮੇਰਾ ਉਪਰਲਾ ਸਾਹ ਉੱਪਰ ਤੇ ਹੇਠਲਾ ਹੇਠਾਂ।....... ਲੱਭੂ ਨੇ ਮੈਨੂੰ ਕੋਕ ਫੜਾਇਆ ਸੀ। ਸਵਿੱਚ ਆਨ ਕਰਕੇ ਫੇਰ ਰੀਹਰਸਲ ਕਰਨ ਲੱਗ ਪਏ ਸਨ। ਗੀਤ ਦੇ ਬੋਲ ਗੂੰਜੇ :-
' ਬਾਬਾ ਵੇ ਕਲਾ ਮਰੋੜ
ਨਿੱਕੀਏ ਨੀ ਲਾ ਦੇ ਜ਼ੋਰ।'
ਬੋਲਾਂ 'ਤੇ ਉਹਨਾਂ ਦੇ ਐਕਸ਼ਨ ਦੇਖ-ਦੇਖ ਕੇ ਮੈਂ ਧਰਤੀ ਵਿੱਚ ਧਸਦੀ ਜਾਵਾਂ। ਹੈਂਅ! ਸਕੇ ਭੈਣ ਭਰਾ ਤੇ.......। ਉਤੋਂ ਹੋਰ ਸਿਤੱਮ ਉਹ ਨਿੱਕੇ-ਨਿਕੇ ਨਿਆਣੇ ਵੀ ਉਨਾਂ ਵਾਂਗ ਕਰਨ। ਮੈਂ ਉੱਠ ਕੇ ਤੁਰਨ ਲੱਗੀ ਸੀ। ਹਸੂੰ-ਹਸੂੰ ਕਰਦੀ ਬਿਮਲਾ ਅੰਦਰ ਵੜੀ। ਮੇਰਾ ਕਲਾਵਾ ਭਰ ਕੇ ਮੈਨੂੰ ਤੋਲ ਦਿੱਤਾ। ਉਹ ਮੈਨੂੰ ਡਰਾਇੰਗ ਰੂਮ 'ਚ ਸੋਫੇ 'ਤੇ ਲੈ ਕੇ ਬਹਿ ਗਈ। ਮੋਬਾਇਲ ਫੋਨ ਨੂੰ ਟੇਬਲ 'ਤੇ ਰੱਖ ਕੇ ਬੋਲੀ-
"ਅਮਰੀਕਾ ਤੋਂ ਕੁੜੀਆਂ ਦੇ ਪ੍ਰਮੋਟਰਾਂ ਦਾ ਫੋਨ ਸੀ। ਰੱਜੂ ਨੂੰ ਛੇ ਮਹੀਨੇ ਲਈ ਅਮਰੀਕਾ ਲੈ ਕੇ ਜਾਣਾ। ਸੱਭਿਆਚਾਰਕ ਪ੍ਰੋਗਰਾਮ ਕਰਨੇ।"ਉਹਦਾ ਚਿਹਰਾ ਦਗ-ਦਗ ਕਰ ਰਿਹਾ ਸੀ।
ਮੈਂ ਵਧਾਈਆਂ ਦੇ ਦਿੱਤੀਆਂ, ਪਰ ਮੈਂ ਅੰਦਰ ਵਾਲੇ ਦ੍ਰਿਸ਼ਾਂ ਨਾਲ ਦੋ ਚਾਰ ਹੋ ਰਹੀ ਸੀ। ਬਿਮਲਾ ਸੀਡੀਆਂ ਚੁੱਕ ਲਿਆਈ। ਕੰਪਿਊਟਰ 'ਤੇ ਲਾ ਕੇ ਵਿਖਾਉਣ ਲੱਗ ਪਈ। ਉਹ ਸੀਡੀਆਂ ਲੱਭੂ ਤੇ ਰੱਜੂ ਦੇ ਵੱਖ-ਵੱਖ ਸਟੇਜੀ ਪ੍ਰੋਗਰਾਮਾਂ ਦੀਆਂ ਸਨ। ਕਈ ਸੀਨ ਦੇਖ ਕੇ ਮੈਂ ਸਿਰ ਗੋਡਿਆਂ ਵਿੱਚ ਦੇ ਲੈਂਦੀ। ਬਿਮਲਾ ਖਿੜੀ ਪਈ ਸੀ। ਉਹ ਇਕੱਲੇ-ਇਕੱਲੇ ਪ੍ਰੋਗਰਾਮ ਬਾਰੇ ਦੱਸ ਰਹੀ ਸੀ। ਰੂਪਾ ਤੇ ਲੱਭੂ ਪਸੀਨੋ ਪਸੀਨਾ ਹੋਈ ਡਰਾਇੰਗ ਰੂਮ ਵਿੱਚ ਆ ਵੜੇ ਸਨ।
"ਪੁੱਤ, ਕਿਚਨ ਵਿੱਚ ਤੁਹਾਡਾ ਦੁੱਧ ਪਿਆ।" ਬਿਮਲਾ ਨੇ ਲੱਭੂ ਦੀਆਂ ਗੱਲ੍ਹਾਂ ਥਪਥਪਾਈਆਂ ਸਨ।
"ਓ ਨੋ ਮੰਮ.......। ਚਿਲਡ ਬੀਅਰ......।" ਲੱਭੂ ਨੇ ਗਲਮਾ ਕੂਲਰ ਮੋਹਰੇ ਕੀਤਾ। ਬਰਾ ਦੀ ਬੈਲਟ ਨੂੰ ਠੀਕ ਕੀਤਾ।
"ਦੇਖ ਲੈ ਨਣਾਨੇ। ਨਿਆਣਿਆਂ ਦੇ ਟੇਸਟ। ਅਸੀਂ ਪੰਜ ਕਿਲੋ ਦੁੱਧ ਲੈਂਦੇ ਆਂ। ਪੀਂਦੇ ਨਹੀਂ। ਕੁੱਤਿਆਂ ਬਿੱਲਿਆਂ ਦੇ ਮੂੰਹ ਲਗਦਾ।"
ਮੱਝ ਤਾਂ ਸਾਡੀ ਵੀ ਪੰਜ ਕਿਲੋ ਦੁੱਧ ਦਿੰਦੀ ਆ। ਚਾਰ ਕਿਲੋ ਵੇਚ ਦੇਈਦਾ ਆ। ਕਿਲੋ ਨਾਲ ਗੁਜ਼ਾਰਾ ਕਰੀਦਾ ਆ। ਮੈਂ ਘਰ ਨੂੰ ਭੁੱਲਣਾ ਚਾਹੁੰਦੀ ਹਾਂ। ਪਰ ਘਰ .........।
ਲੱਭੂ ਕੂਲਰ ਮੋਹਰੇ ਬਹਿ ਗਈ। ਰੂਪਾ ਠੋਡੀ ਉਹਦੇ ਮੋਢੇ ਉੱਤੇ ਰੱਖ ਕੇ ਬਹਿ ਗਿਆ। ਉਹਦੀ ਨੱਥ ਨਾਲ ਛੇੜਖਾਨੀ ਕਰਨ ਲੱਗ ਪਿਆ। ਮੈਂ ਕਦੇ ਰੂਪੇ ਵੱਲ ਦੇਖਾਂ ਤੇ ਕਦੇ ਲੱਭੂ ਵੱਲ। ਚਿਹਰੇ ਤੇ ਮੁਸਕਰਾਹਟ ਵੀ ਲਿਆਂਦੀ। ਮੇਰੇ ਅੰਦਰ ਖੌਰੂ ਪੈਣ ਲੱਗਾ। ਜੇ ਸੱਤਾ ਆ ਜਾਵੇ।
ਸਾਡੀ ਗਲੀ ਵਿੱਚ ਨੰਜੋ ਦੇ ਭਰਾ ਕਾਲੇ ਦਾ ਵਿਆਹ ਸੀ। ਬਰਾਤ ਵਿਆਹੁਣ ਗਈ ਹੋਈ ਸੀ। ਨੰਜੋ ਮੇਰੇ ਨਾਲ ਸਕੂਲ 'ਚ ਦਸਵੀਂ ਤੱਕ ਪੜ੍ਹਦੀ ਰਹੀ ਆ। ਮੇਲਣਾਂ ਨੇ ਨੱਚ-ਨੱਚ ਵਿਹੜਾ ਨੀਵਾਂ ਕੀਤਾ ਪਿਆ ਸੀ। ਨੰਜੋ ਨੇ ਮੈਨੂੰ ਵੀ ਖਿੱਚ ਲਿਆ ਸੀ। ਮੈਂ ਸਿਰ 'ਤੇ ਚੁੰਨੀ ਦੀ ਪੱਗ ਬੰਨ੍ਹੀ।
'ਸਭਨਾਂ ਨੇ ਪੀਤੀ ਤਿਪਕਾ ਤਿਪਕਾ, ਕਾਲੇ ਨੇ ਪੀਤੀ ਬਾਟੇ ਨਾਲ।
ਚੜ੍ਹ ਗਈ ਓ ਛਰਾਟੇ ਨਾਲ, ਚੜ੍ਹ ਗਈ ਓ....................।'
ਮੈਂ ਅਜੇ ਸ਼ਰਾਬੀ ਦੇ ਸਵਾਂਗ ਦੀ ਨਕਲ ਉਤਾਰਨ ਲਈ ਬੋਲੀ ਚੁੱਕੀ ਹੀ ਸੀ। ਸੱਤਾ ਮੇਰੇ ਮੋਹਰੇ ਖੜ੍ਹਾ ਸੀ। ਲਾਲ ਅੱਖਾਂ.........। ਅੱਖਾਂ ਵਿੱਚੋਂ ਅੰਗਿਆਰ ਡਿੱਗਣ। ਮੇਰਾ ਉਹਦੀਆਂ ਅੱਖਾਂ ਵੱਲ ਮੁੜ ਦੇਖਣ ਦਾ ਹੀਆ ਨਹੀਂ ਪਿਆ। ਘਰ ਨੂੰ ਭੱਜ ਲਈ ਸੀ। ਦੌੜ੍ਹਦੀ ਦੀ ਮੇਰੀ ਚੁੰਂਨੀ ਵੀ ਉੱਥੇ ਰਹਿ ਗਈ ਸੀ। ਭਰਾ ਤਾਂ ਉਹ ਮੇਰਾ ਸੀ। ਪਰ ਬੀਹੀ ਦੀਆਂ ਸਾਰੀਆਂ ਕੁੜੀਆਂ ਉਹਤੋਂ ਡਰਦੀਆਂ ਸਨ।
"ਜਾਹ, ਸ਼ਹਿਰੋਂ ਪਿਜ਼ਾ ਲਿਆ। ਦੋ ਕੁ ਬਰਗਰ ਵੀ ਫ਼ੜ ਲਿਆਈਂ। ਭੂਆ ਤੇਰੀ ਨੂੰ ਲੰਚ ਕਰਾਈਏ।"ਬਿਮਲਾ ਨੇ ਪੰਜ ਸੌ ਦਾ ਨੋਟ ਮੁੰਡੇ ਦੇ ਹੱਥ 'ਤੇ ਰੱਖਿਆ ਸੀ।
ਰੂਪਾ ਮੋਟਰ ਸਾਇਕਲ ਲੈ ਕੇ ਉੱਡ ਗਿਆ ਸੀ। ਲੱਭੂ ਰਸੋਈ 'ਚ ਗਈ, ਮੂੰਹ ਪੂੰਝਦੀ ਸਾਡੇ ਕੋਲ ਆ ਕੇ ਬੈਠ ਗਈ। ਮੋਬਾਇਲ ਫ਼ੋਨ ਕੰਨਾਂ ਨੂੰ ਲਾ ਲਿਆ। ਟੂਣੇਹਾਰਨ ਵੀ ਇੱਦਾਂ ਹੀ ਕਰਦੀ ਹੋਊ? ਜੇ ਮੇਰੀ ਰੰਮੀ ਇੱਦਾਂ ਕਰੇ। ਸੱਤਾ ਤਾਂ ਹੁਣ.............। ਮੇਰੀਆਂ ਅੱਖਾਂ ਭਰ ਆਈਆਂ ਸਨ। ਪਰ ਮੈਂ ਉਹਨਾਂ ਨੂੰ ਪਤਾ ਨਾ ਲੱਗਣ ਦਿੱਤਾ। ਸਗੋਂ ਬਿਮਲਾ ਦੇ ਹਾਸਿਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੀ ਰਹੀ। ਉਹ ਗੁਸਲਖਾਨਾ ਦਿਖਾਉਣ ਲੈ ਤੁਰੀ ਸੀ।
"ਇਹ ਰੱਜੂ ਦਾ ਵਾਸ਼-ਰੂਮ ਆ।ਆਹ ਉਪਰੋਂ ਰੇਨਿੰਗ ਵਾਟਰ ਡਿੱਗਦਾ। ਸਾਈਡ ਤੋਂ ਮਸ਼ਾਜ ਵਾਟਰ ਆ। ਆਹ.....। ਆਹ.....। ਬਾਕੀ ਤਿੰਨਾਂ ਦੇ ਵੀ ਇੱਦਾਂ ਦੇ ਬਣਾਉਣੇ ਆ।"
ਮੈਂ ਉਹਦੀ ਬੋਲੀ ਤੋਂ ਹੈਰਾਨ ਹੋਈ ਸੀ। ਉਹਨੂੰ ਪੌਣਾਹਾਰੀ ਨਹੀਂ ਸੀ ਕਹਿਣਾ ਆਉਂਦਾ। ਹੇਮੇ ਵੀਰੇ ਨੇ ਸ਼ਾਹਤਲਾਈ ਬਾਬਾ ਪੌਣਾਹਾਰੀ ਕਹਾ-ਕਹਾ ਕੇ ਟਿੱਲ ਲਾ ਲਿਆ ਸੀ। ਭਾਈ, ਪੈਸਾ ਆਉਣ ਨਾਲ ਸੱਭ ਕੁਸ਼ ਆ ਜਾਂਦਾ। ਹੁਣ ਦੇਖ ਲਓ, ਅੱਧੀ ਅੰਗਰੇਜ਼ੀ ਬੋਲਦੀ ਏ ਤੇ ਅੱਧੀ ਪੰਜਾਬੀ। ਇਕੱਲੇ-ਇਕੱਲੇ ਮੈਂਬਰ ਕੋਲ ਬੈਡ ਰੂਮ ਆ। ਦੋ ਕਾਰਾਂ ਖੜ੍ਹੀਆਂ।
"ਓ ਡੀਅਰ ਰੂਪ, ਆਈ ਐਮ ਹੰਗਰੀ.........ਹਰੀ ਅੱਪ।"ਲੱਭੂ ਨੇ ਮੋਬਾਈਲ 'ਤੇ ਹੀ ਰੌਲਾ ਪਾ ਲਿਆ ਸੀ।
ਰੂਪਾ ਪਿਜ਼ਾ ਤੇ ਬਰਗਰ ਲੈ ਆਇਆ ਸੀ।........ ਮੇਰੇ ਅੰਦਰ ਨਾ ਲੰਘਣ। ਰੇਸ਼ੇ ਜਿਹੇ....... ਤਾਰਾਂ ਜਿਹੀਆਂ ਤੋਂ ਕਚਿਆਣ ਆਵੇ।
ਦੱਸ ਭਲਾ ਪਿਜ਼ੇ ਤੇ ਕੋਕ ਦਾ ਕੀ ਮੇਲ। ਚਾਹ ਜਾਂ ਦੁੱਧ ਨਾਲ ਤਾਂ ਇੱਦਾਂ ਦੀ ਚੀਜ਼ ਖਾਧੀ ਜਾ ਸਕਦੀ ਆ। ਮੈਂ ਕੋਕ ਪੀਣ ਤੋਂ ਡਰਾਂ। ਮੁੰਡਾ ਕੁੜੀ ਬੀਅਰ ਦੇ ਗਲਾਸ ਭਰ-ਭਰ ਪੀਣ ਲੱਗੇ ਹੋਏ। ਤਿੰਨੋਂ ਜਣੇ ਇੱਕ ਦੂਜੇ ਤੋਂ ਖੋਹ-ਖੋਹ ਕੇ ਖਾਣ। ਸੌਸ ਨਾਲ ਲਿਬੜੀਆਂ ਉਂਗਲੀਆਂ ਵੀ ਚੱਟੀ ਜਾਣ।
ਖਾਣ ਪੀਣ ਤੋਂ ਵਿਹਲੇ ਹੋਏ। ਮੈਂ ਅਸਲ ਮੁੱਦੇ 'ਤੇ ਆਈ। ਰੂਪਾ ਆਪਣੇ ਬੈਡ ਰੂਮ 'ਚ ਗਿਆ। ਸੈਟ ਲਿਆ ਕੇ ਮੇਰੇ ਹੱਥ 'ਤੇ ਰੱਖ ਦਿੱਤਾ।
"ਭੂਆ ਜੀ, ਇਹਦੀ ਸਿਮ ਪੈਣ ਵਾਲੀ ਆ। ਅਲਜੀਤ ਨੂੰ ਕਿਹੋ ਕਿ ਪੁਆ ਲਏ।"
ਮੈਂ ਸਾਰੇ ਟੱਬਰ ਨੂੰ ਅਸੀਸਾਂ ਦਿੰਦੀ ਆਪਣੇ ਘਰ ਵੜੀ ਸੀ। ਬੀਜੀ ਨੇ ਰੋਟੀ ਲਾਹੀ ਸੀ। ਮੈਂ ਆਪ ਖਾਧੀ ਤੇ ਬਾਊ ਜੀ ਨੂੰ ਖੁਆ ਕੇ ਤੁਰ ਪਈ। ਸ਼ਾਮ ਨੂੰ ਖੱਟਕੜ ਕਲਾਂ ਪੁੱਜੀ ਸੀ। ਰੰਮੀ ਦਾ ਪਿਓ ਟੱਲੀ ਹੋਇਆ ਬੈਠਾ ਸੀ। ਅਲਜੀਤ ਮੋਬਾਇਲ ਲੈ ਕੇ ਸ਼ਹਿਰ ਜਾ ਵੜਿਆ। ਨ੍ਹੇਰੇ ਹੋਏ ਮੁੜਿਆ ਸੀ। ਕਦੇ ਕਿਸੇ ਨੂੰ ਘੰਟੀ ਮਾਰ ਦਿਆ ਕਰੇ। ਕਦੇ ਕਿਸੇ ਨੂੰ। ਮੈਸੇਜ਼ ਭੇਜੀ ਜਾਵੇ। ਕਿੱਥੇ ਜੰਮ ਪਈ ਮੇਰੇ ਘਰ ਬਾਂਦਰ ਔਲਾਦ। ਰੰਮੀ ਮੈਨੂੰ ਬਥੇਰਾ ਕਹਿੰਦੀ ਰਹੀ......ਇਹਨੂੰ ਪੜ੍ਹਨ ਕਾਲਜ ਨਾ ਲਾਓ। ਬਾਰ੍ਹਵੀਂ ਤਾਂ ਨਕਲ ਮਾਰ ਕੇ ਕਰ ਗਿਆ। ਕਾਲਜ ਜਾ ਕੇ ਫੂਕ ਨਿਕਲ ਗਈ। ਸੜੇ ਮੋਬਾਇਲਾਂ ਜੋਗਾ ਰਹਿ ਗਿਆ। ਦਿਨ ਹੋਵੇ ਰਾਤ ਹੋਵੇ, ਇਹਦੇ ਕੰਨਾਂ ਨੂੰ ਮੋਬਾਇਲ ਲੱਗਾ ਹੋਊ। ਭਾਣਜੇ ਤੋਂ ਭਰਤੀ ਵੀ ਨਹੀਂ ਕਰਾ ਹੋਇਆ। ਉਹ ਵੀ ਕੀ ਕਰੇ। ਕਿਹੜਾ ਕੋਈ ਨੌਕਰੀ ਨਿਕਲੀ ਆ। ਹਾਰ ਕੇ ਰੰਮੀ ਨੇ ਆਈ. ਟੀ. ਆਈ. ਕਰਨ ਲਾਇਆ ।
ਮੇਰੀ ਕੁੜੀ ਬੀਬੀ ਆ। ਆਪਣੀ ਪੜ੍ਹਾਈ ਦਾ ਖ਼ਰਚਾ ਆਪ ਕਰਦੀ ਆ। ਟਿਊਸ਼ਨ ਪੜ੍ਹਾਉਂਦੀ ਆ ਸਕੂਲ ਦੇ ਬੱਚਿਆਂ ਨੂੰ। ਜਿਹੜੇ ਪੰਜ-ਸੱਤ ਨਿਆਣੇ ਕਨੇਡਾ ਅਮਰੀਕਾ ਵਾਲਿਆਂ ਦੇ ਆ। ਉਨ੍ਹਾਂ ਤੋਂ ਪੈਸੇ ਲੈਂਦੀ ਐ। ਗ਼ਰੀਬਾਂ ਦੇ ਨਿਆਣਿਆਂ ਨੂੰ ਮੁਫ਼ਤ ਪੜ੍ਹਾਉਂਦੀ ਆ। ਉਨ੍ਹਾਂ ਨੂੰ ਭਗਤ ਸਿੰਘ ਤੇ ਸੁਖਦੇਵ ਹੁਰਾਂ ਦੇ ਕਿਤਾਬਚੇ ਪੜ੍ਹਾਉਂਦੀ ਆ। ਆਪਣੀ ਪੜ੍ਹਾਈ ਦਾ ਵੀ ਖ਼ਿਆਲ ਰੱਖਦੀ ਆ। ਇਹਨੇ ਐਤਕੀਂ ਬੀ ਏ ਕਰ ਜਾਣੀ ਆ। ਅਗਾਂਹ ਕੁੱਝ ਸੁੱਝਦਾ ਨਹੀਂ। ਕੀ ਕਰੀਏ?........... ਸਰਕਾਰ ਕੋਈ ਨੌਕਰੀ ਵੀ ਨਹੀਂ ਦਿੰਦੀ। ਪ੍ਰਾਈਵੇਟ ਕੰਪਨੀਆਂ ਵਾਲੇ ਬਥੇਰੇ ਦਗੜ-ਦਗੜ ਕਰੀ ਫਿਰਦੇ ਆ। ਜਵਾਨ ਕੁੜੀਆਂ ਮੁੰਡਿਆਂ ਨੂੰ ਘਰਾਂ ਵਿੱਚ ਸਮਾਨ ਵੇਚਣ ਲਈ ਤੋਰ ਦਿੰਦੇ ਆ। ਸਾਡੀ ਜ਼ਿੰਦਗੀ ਲੱਗ ਗਈ ਨਿਆਣਿਆਂ ਨੂੰ ਪੜ੍ਹਾਉਂਦਿਆਂ। ਇਹ ਮਰ ਜਾਣੇ................। ਦਫ਼ਤਰਾਂ ਵਿੱਚ ਹਜ਼ਾਰ ਦੋ ਹਜ਼ਾਰ ਰੁਪਇਆਂ 'ਤੇ ਰੱਖ ਲੈਂਦੇ ਆ। ਸਾਰਾ ਖ਼ੂਨ ਚੂਸ ਲੈਂਦੇ ਨੇ।
ਹੁਣ ਆਹ ਕੁੜੀ ਦਿਨ ਰਾਤ ਕਿਤਾਬਾਂ ਨਾਲ ਮੱਥਾ ਮਾਰਦੀ ਆ। ਇਹਦੀਆਂ ਜਮਾਤਾਂ ਖ਼ੂਹ 'ਚ ਗਈਆਂ।ਮੈਂ ਤਾਂ ਆਹ ਫ਼ਗਵਾੜੇ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਈ ਬਿਮਲਾ ਦੀ ਮੰਨ ਲਈ ਆ। ਮੈਂ ਵੀ ਧੀ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਭੇਜਣ ਦੇ ਸੁਫ਼ਨੇ ਲੈਣ ਲੱਗੀ ਹਾਂ।............ਫੇਰ ਇਹਨੂੰ ਪੜ੍ਹਾਉਣਾ ਜ਼ਰੂਰੀ ਸੀ? ਲੱਭੂ ਤੇ ਰੱਜੂ ਦਸਵੀਂ ਨਹੀਂ ਟੱਪੀਆਂ। ਮੁੰਡੇ ਇੱਥੇ ਤੱਕ ਵੀ ਨਹੀਂ ਪਹੁੰਚੇ।.....ਚੱਲ ਰੋਟੀ ਤਾਂ ਚੱਜਦੀ ਖਾਂਦੇ ਆ। ਚੰਗਾ ਪਹਿਨਦੇ ਆ। ਨਿਆਣੇ ਤਰਸਦੇ ਤਾਂ ਨਹੀਂ। ਜੇ ਰੰਮੀ ਮੰਨ ਜਾਵੇ। ਸਾਰੇ ਧੋਣੇ ਧੋਤੇ ਜਾਣ।
ਮੈਂ ਘਬਰਾਈ ਹੋਈ ਅੰਦਰ ਵੜੀ ਹਾਂ। ਚਿਹਰੇ 'ਤੇ ਮੁਸਕਰਾਹਟ ਲਿਆਉਂਦੀ ਆਂ। ਧੀ ਨੂੰ ਕਲਾਵੇ ਵਿੱਚ ਲੈ ਕੇ ਮੱਥਾ ਚੁੰਮਦੀ ਆਂ। ਇਹ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗ ਪਈ ਹੈ। ਮੇਰੀਆਂ ਬਾਂਹਾਂ ਵਿੱਚ ਬਿਮਲਾ ਜਿੰਨੀ ਜਾਨ ਨਹੀਂ। ਮੈਂ ਇਹਦੇ ਨਾਨਕਿਆਂ ਦੀਆਂ ਗੱਲਾਂ ਛੇੜ ਕੇ ਬਹਿ ਗਈ।
ਭਾਰਟੇ ਵਿੱਚ ਸਾਡੇ ਪੰਜ ਘਰ ਸਨ। ਪਹਿਲਾਂ ਤਾਂ ਹੋ ਸਕਦੈ-ਸਾਰੇ ਲਾਗੀ ਥੱਥੀ ਹੋਣ। ਜਦ ਮੈਂ ਹੋਸ਼ ਸੰਭਾਲੀ, ਮੇਰੇ ਬਾਊ ਜੀ ਨਲਕੇ ਲਾਉਣ ਦਾ ਕੰਮ ਕਰਦੇ ਸੀ। ਬੀਜੀ ਚਾਰ-ਪੰਜ ਘਰਾਂ ਦਾ ਖ਼ੁਸ਼ੀ-ਗਮੀਂ ਮੌਕੇ ਕੰਮ ਕਰ ਆਉਂਦੀ ਸੀ। ਕੰਮ ਵੀ ਸੁਨੇਹਾ ਦੇਣ ਦਾ ਕਰਦੀ। ਉਹਨੇ ਨਾ ਕਦੇ ਭਾਂਡੇ ਮਾਂਜੇ। ਨਾ ਕੋਈ ਹੋਰ ਕੰਮ। ਗੋਗਲੇ, ਸੀਰਨੀ, ਲੱਡੂ, ਭਾਜੀ ਵੰਡ ਆਉਂਦੀ ਸੀ। ਬਾਅਦ ਵਿੱਚ ਜਦ ਸੱਤੇ ਨੇ ਫ਼ੋਟੋਗਰਾਫ਼ਰ ਤੇ ਮੂਵੀ ਮੇਕਰ ਦੀ ਦੁਕਾਨ ਪਾ ਲਈ, ਉਹ ਕੰਮ ਵੀ ਛੱਡ ਦਿੱਤੇ। ਸ਼ਾਇਦ ਬੀਜੀ ਨਾ ਵੀ ਛੱਡਦੀ। ਪਰ ਸੱਤੇ ਦੀ ਅੜੀ ਅੱਗੇ ਕੀਹਦਾ ਜ਼ੋਰ? ਕਹਿੰਦਾ ਆਪਣਾ ਕਮਾਵਾਂਗੇ ਤੇ ਆਪਣਾ ਖਾਵਾਂਗੇ। ਬੀਜੀ ਨੇ ਕੁੱਛ ਕਹਿਣਾ ਤਾਂ ਅੱਗੋਂ ਬੋਲ ਪੈਣਾ..
"ਤੁਹਾਨੂੰ ਕੰਮ ਕਰਨ ਦਾ ਕੁੱਸ਼ ਮਿਲਦਾ? ਜੂਠ ਤੇ ਉਤਾਰ.........। ਏਹੋ ਗੱਲਾਂ ਤੁਹਾਨੂੰ ਸਾਰੀ ਉਮਰ ਉੱਠਣ ਨਹੀਂ ਦਿੰਦੀਆਂ। ਸਾਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾਉਂਦੀਆਂ। ਇਨ੍ਹਾਂ ਗੱਲਾਂ ਕਰਕੇ ਅਸੀਂ ਅਗਲਿਆਂ ਦੇ ਬਰਾਬਰ ਨਹੀਂ ਖੜ੍ਹ ਸਕਦੇ। ਲੜਨਾ ਤਾਂ ਦੂਰ ਦੀ ਗੱਲ ਰਹੀ।"
ਉਹਨੂੰ ਬਹਿਸ ਵਿੱਚ ਕੋਈ ਜਿੱਤ ਨਹੀਂ ਸਕਦਾ ਸੀ। ਉਹਨੇ ਬੜਾ ਸੋਹਣਾ ਘਰ ਚਲਾ ਲਿਆ ਸੀ। ਮੇਰਾ ਵਿਆਹ ਕੀਤਾ। ਕਹਿੰਦਾ ਆਪਣਾ ਬਾਅਦ 'ਚ ਕਰਾਉਣਾ। ਤਾਂ ਕੀ ਹੋਇਆ, ਜੇ ਕੁੜੀ ਛੋਟੀ ਆ। ਬੱਸ ਇੱਕ ਗੱਲੋਂ ਧੋਖਾ ਖਾ ਗਿਆ। ਜਿਹੜਾ ਬਸਿਆਲੇ ਵਾਲੇ ਫੁੱਫੜ ਦੇ ਬਹਿਕਾਵੇ ਵਿੱਚ ਆ ਕੇ, ਮੈਨੂੰ ਸ਼ਰਾਬੀ ਦੇ ਗਲ ਲਾ ਦਿੱਤਾ। ਫੁੱਫੜ ਦੀ ਇੱਥੇ ਖਟਕੜ ਕਲਾਂ ਰਿਸ਼ਤੇਸਾਰੀ ਸੀ। ਉਹਨੇ ਮੇਰਾ ਰਿਸ਼ਤਾ ਕਰਾਇਆ ਸੀ। ਰੰਮੀ ਦਾ ਡੈਡੀ ਦੋ ਸਾਲ ਕੁਵੈਤ ਲਾ ਕੇ ਆਇਆ ਸੀ। ਕਹਿੰਦੇ ਸੀ ਵਿਆਹ ਕਰਵਾ ਕੇ ਚਲਾ ਜਾਊਗਾ। ਅੱਜ ਜਾਂਦਾ। ਇੱਥੇ ਗਲੀਆਂ ਸੜਕਾਂ ਵਿੱਚ ਖੰਘੂਰੇ ਮਾਰਦਾ ਫਿਰਦਾ। ਝੂਠ ਦੀਆਂ ਪੰਡਾਂ। ਬਣੀ ਫਿਰਦਾ ਰਾਜ ਮਿਸਤਰੀ। ਠੇਕੇਦਾਰ ਕਹਾ ਕੇ ਹੁੱਬਦਾ।
ਰੰਮੀ ਚਿੜ ਗਈ ਆ। ਪਿਓ ਦਾ ਨਾਂ ਲੈ ਕੇ ਨਹੀਂ ਰਾਜੀ। ਭੁੱਖਾ ਮਰਦਾ ਮਰ ਜਾਏ। ਰੋਟੀ ਨਹੀਂ ਦਿੰਦੀ। ਕਦੇ ਪਾਣੀ ਦਾ ਗਲਾਸ ਨਹੀਂ ਫੜਾਉਂਦੀ। ਭਾਵੇਂ ਵਿਲਕਦਾ ਰਵ੍ਹੇ। ਆਖੂਗੀ__
"ਜੇ ਸਾਡੇ ਨਾਲੋਂ ਸ਼ਰਾਬਾਂ ਚੰਗੀਆਂ, ਸਾਨੂੰ ਜੰਮਣ ਦੀ ਕੀ ਲੋੜ ਸੀ।"
. ਇਹ ਤਾਂ ਕਲਿਹਣੀ ਭਰਾ ਦੇ ਕੱਪੜੇ ਨਹੀਂ ਧੋਂਦੀ। ਮੈਂ ਫਗਵਾੜੇ ਵਿਆਹ 'ਤੇ ਜਾਣ ਵੇਲੇ ਨਲਕੇ ਮੋਹਰੇ ਕੱਪੜੇ ਭੇਂਅ ਗਈ। ਇਹਨੂੰ ਧੋਣ ਲਈ ਕਹਿ ਗਈ। ਕੱਲ਼੍ਹ ਵਾਪਸ ਮੁੜੀ ਤਾਂ ਉਵੇਂ ਦੇ ਉਵੇਂ ਪਏ ਸਨ, ਜਿੱਦਾਂ ਰੱਖ ਕੇ ਗਈ ਸੀ। ਮੈਂ ਬੋਲੀ ਤਾਂ ਮੈਨੂੰ ਪੈ ਗਈ ਸੀ__
"ਕੋਈ ਪੈਂਟ ਕਮੀਜ਼ ਹੈਗੀ, ਜਿਹਦੇ ਵਿੱਚੋਂ ਮੁਸ਼ਕ ਨਾ ਆਉਂਦਾ ਹੋਵੇ। ਇੱਕ ਜੇਬ 'ਚ ਹੱਥ ਮਾਰੋ, ਤੰਬਾਕੂ ਨਿਕਲੂ। ਦੂਜੀ 'ਚ ਮਾਰੋ ਬੀੜੀਆਂ ਨਿਕਲੂ।"
ਇਹਨੇ ਤਾਂ ਟੂਣੁਹਾਰਨ ਦੇ ਡਾਂਸ ਦਾ ਸਵਾਦ ਮਾਰ ਦਿੱਤਾ ਸੀ। ਪਰ ਮੈਂ ਇਹਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਸੀ। ਇਹਨੂੰ ਕੌਣ ਮੱਤ ਦੇਵੇ। ਮੈਂ ਤਾਂ ਉਮਰ ਕੱਟ ਲਈ। ਇਹਦਾ ਕੀ ਬਣੂ। ਪਤਾ ਨਹੀਂ ਅੱਗਿਓਂ ਕਿੱਦਾਂ ਦੇ ਟੱਕਰਨੇ ਆ। ਇਹਦੀ ਜੂਨ ਸੁਧਾਰਨ ਲਈ ਵਾਰ-ਵਾਰ ਬਿਮਲਾ ਦੀਆਂ ਗੱਲਾਂ ਸੁਣਾਉਂਦੀ ਆਂ। ਇਹ ਤੇ ਹੁਣ ਥੁੰਨ ਵੱਟਾ ਬਣ ਕੇ ਬਹਿ ਗਈ। ਚਲੋ, ਹੁਣ ਮੈਂ ਇਹਦੇ ਪਿਓ ਤੇ ਅਲਜੀਤ ਦਾ ਨਾਂ ਨਹੀਂ ਲੈਂਦੀ। ਇਹਦੇ ਮਾਮੇ ਸੱਤੇ ਦੀਆਂ ਭਾਵੇਂ ਸਾਰਾ ਦਿਨ ਗੱਲਾਂ ਕਰੀ ਜਾਵੋ। ਫੇਰ ਨਹੀਂ ਰੱਜਦੀ। ਉਹਦੇ ਵਰਗੀਆਂ ਆਦਤਾਂ। ਕਹੂਗੀ__
"ਪੜ੍ਹਾਂਗੇ, ਕੁੱਛ ਕਰਾਂਗੇ........।"
"ਕੀ ਕਰੇਂਗੀ?"
ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫ਼ੋਟੋ ਵੱਲ ਉਂਗਲੀ ਕਰ ਦੇਵੇਗੀ।
ਬਾਹਰ ਚਮੇਲੀ ਦੇ ਫੁੱਲਾਂ ਦਾ ਬੂਟਾ ਲਾਇਆ ਹੋਇਆ। ਉੱਥੋਂ ਫੁੱਲ ਲੈ ਆਊ। ਸੁਖਦੇਵ ਦੀ ਫ਼ੋਟੋ ਮੋਹਰੇ ਰੱਖ ਦੇਂਦੀ ਹੈ।
"ਤੂੰ ਵੀ ਸਾਨੂੰ ਘੱਟ ਪਿਆਰਾ ਨਹੀਂ, ਵੀਰ ਸੁਖਦੇਵ।"
ਇਹ ਜਿੰਨੇ ਮੋਹ ਨਾਲ ਸੱਤੇ ਨੂੰ ਮਾਮਾ ਕਹਿੰਦੀ ਆ, ਉੱਨੇ ਮੋਹ ਨਾਲ ਸੁਖਦੇਵ ਨੂੰ ਵੀਰ ਕਹਿੰਦੀ ਆ। ਮੇਰਾ ਚਿੱਤ ਕਰਦਾ - ਇਹ ਸੁਖਦੇਵ ਨੂੰ ਵੀ ਮਾਮਾ ਕਹੇ। ਸੋਚ ਕੇ ਚੁੱਪ ਕਰ ਜਾਂਦੀ ਆਂ। ਇਹਦੀਆਂ ਇਨ੍ਹਾਂ ਗੱਲਾਂ ਤੋਂ ਤਾਂ ਡਰਦੀ ਆਂ। ਸੱਤਾ ਵੀਰ ਵੀ ਇਸ ਤਰ੍ਹਾਂ ਕਰਦਾ ਹੁੰਦਾ ਸੀ। ਪਰ ਬਣਿਆਂ ਕੀ? ਸੱਤਿਆ.......। ਮੇਰਾ ਹਾਉਂਕਾ ਨਿਕਲ ਗਿਆ ਹੈ। ਇਹ ਮੈਨੂੰ ਟੁੱਟ ਕੇ ਪਈ ਹੈ। ਇਹਦੇ ਭਾਣੇ ਮੈਂ ਬਿਮਲਾ ਦੇ ਘਰ ਦੀ ਸਰੱਗੀ ਕਰਕੇ ਹਾਉਂਕਾ ਲਿਆ ਹੈ। ਲੈ ਉਨ੍ਹਾਂ ਦੀ ਸੁਣ ਲਵੇ। ਵੇਲੇ ਵੇਲੇ ਦੀ ਗੱਲ ਆ।
ਮੈ ਨਿਆਣੀ ਸੀ, ਜਦੋਂ ਹੇਮੇ ਵੀਰ ਦਾ ਬਿਮਲਾ ਨਾਲ ਵਿਆਹ ਹੋਇਆ। ਸਾਡੀ ਉਨ੍ਹਾਂ ਨਾਲ ਕੰਧ ਸਾਂਝੀ ਸੀ। ਰਾਮੀ ਤਾਈ ਨੇ ਦਾਣੇ ਭੁੰਨਣੇ । ਹੇਮੇ ਵੀਰ ਨੇ ਝੁਲਕਾ ਪਾਉਣਾ। ਸਾਧੂ ਤਾਏ ਨੇ ਬਾਲਣ ਲੈਣ ਤੁਰੇ ਰਹਿਣਾ। ਛੋਟੀ ਹੁੰਦੀ ਖੋਰੀ ਤਾਂ ਮੈਂ ਵੀ ਕਈ ਵਾਰ ਉਹਨਾਂ ਨਾਲ ਲੈ ਕੇ ਆਈ । ਵੱਡੀ ਹੋਈ ਤਾਂ ਸੱਤੇ ਦੀਆਂ ਅੱਖਾਂ ਲਾਲ ਹੋਣ ਲੱਗ ਪਈਆਂ ਸਨ। ਬਿਮਲਾ ਭਾਬੀ ਕਈ ਘਰਾਂ ਦਾ ਕੰਮ ਕਰਦੀ ਸੀ। ਇਹਦੇ ਹੱਥ ਕਾਲੇ ਪੀਲੇ ਹੁੰਦੇ। । ਬਿਆਈਆਂ ਪਾਟੀਆਂ ਹੁੰਦੀਆਂ। ਕੰਮ ਨੇ ਕਮਲੀ ਕੀਤੀ ਹੁੰਦੀ। ਕੋਈ ਸੁੱਧ-ਬੁੱਧ ਨਾ ਹੁੰਦੀ। ਹੇਮਾ ਵੀਰਾ ਚਾਰ ਦਿਨ ਹਲਵਾਈ ਨਾਲ ਲਾ ਕੇ ਦੋ ਮਹੀਨੇ ਘਰ ਬੈਠਾ ਰਹਿੰਦਾ।
ਮੇਰੇ ਸਾਹਮਣੇ ਉਸ ਵੇਲੇ ਦੀ ਤੇ ਅੱਜ ਦੀ ਬਿਮਲਾ ਆ। ਇਨ੍ਹਾਂ ਕੋਲ ਇੱਕ ਕੋਠਾ ਸੀ। ਇਨ੍ਹਾਂ ਦਾ ਵਿਆਹ ਹੋਇਆ ਤਾਂ ਤਾਈ ਰਾਮੀ ਤੇ ਤਾਏ ਸਾਧੂ ਨੂੰ ਮੱਝ ਵਾਲੇ ਕਮਰੇ ਵਿੱਚ ਸੌਣਾ ਪੈ ਗਿਆ ਸੀ। ਇਨ੍ਹਾਂ ਦੇ ਘਰ ਮਸੀਂ ਇੱਕ ਡੰਗ ਦੀ ਰੋਟੀ ਪੱਕਦੀ ਹੋਣੀ ਆ। ਇਧਰੋ ਉਧਰੋਂ ਖਾ ਆਉਣੀ। ਬਿਮਲਾ ਭਾਬੀ ਦਾ ਦੁਪਹਿਰਾ ਸਾਡੇ ਘਰ ਹੁੰਦਾ ਸੀ। ਇਹਦੇ ਚਾਰ ਨਿਆਣੇ ਹੋਏ। ਪਹਿਲਾਂ ਲੱਭੂ ਹੋਈ। ਰੱਜੂ ਵੇਲੇ ਕੁੜੀਆਂ ਤੋਂ ਰੱਜ ਗਏ। ਫੇਰ ਕਿੰਦਾ ਤੇ ਰੂਪਾ ਹੋਏ। ਚਾਰੇ ਨਿਆਣੇ ਸਾਡੇ ਘਰ ਪਲੇ ਆ। ਤਾਈ ਤਾਇਆ ਛੇਤੀ ਮੁੱਕ ਗਏ ਸਨ। ਇਨ੍ਹਾਂ ਦੇ ਨਿਆਣੇ ਬੀਜੀ ਸਾਂਭਦੀ। ਇਹ ਆਪ ਘਰਾਂ ਵਿੱਚ ਕੰਮ ਕਰਨ ਚਲੇ ਜਾਂਦੀ। ਬਾਊ ਜੀ ਨੇ ਸ਼ਹਿਰੋਂ ਚੀਜਾਂ ਲਿਆ-ਲਿਆ ਕੇ ਖੁਆਣੀਆਂ। ਬੀਜੀ ਨੇ ਘਰ ਦੇ ਕੰਮਾਂ ਵਿੱਚ ਜੁੱਟ ਜਾਣਾ। ਮੈਂ ਬੱਚੇ ਸਾਂਭ ਲੈਣੇ। ਵੱਡੇ ਤਿੰਨਾਂ ਨੂੰ ਬੈਠਣਾ, ਰੁੜਣਾ, ਤੁਰਨਾ....... ਖੁਆਉਣਾ ਮੈਂ ਸਿਖਇਆ।
ਰੰਮੀ ਦਾ ਮੇਰੀਆਂ ਗੱਲਾਂ ਵੱਲ ਧਿਆਨ ਘੱਟ ਹੈ। ਹੂੰ ਹਾਂ ਕਰੀ ਜਾਂਦੀ ਹੈ। ਕਿਤਾਬ ਦੇ ਪੰਨੇ ਪਲਟਾਈ ਜਾਂਦੀ ਆ। ਜਾਂ ਤਾਂ ਇਹਨੂੰ ਮੇਰੀਆਂ ਗੱਲਾਂ ਦਾ ਯਕੀਨ ਨਹੀਂ। ਜਾਂ ਫੇਰ ਮੇਰੀ ਸਮਝ 'ਤੇ ਸੋਚਦੀ ਹੋਊ। ਆਖ਼ਰ ਸੱਤੇ ਦੀ ਭਾਣਜੀ ਆ। ਮੈਂ ਇਹਨੂੰ ਹੁਣ ਦੀ ਬਿਮਲਾ ਤੇ ਲੈ ਕੇ ਆਉਣਾ ਚਾਹੁੰਦੀ ਆਂ। ਇਹ ਸੱਤੇ ਦੇ ਕਤਲ ਨੂੰ ਲੈ ਕੇ ਬਹਿ ਗਈ ਆ।
"ਮੰਮਾਂ, ਉਸ ਰਾਤ ਕੀ - ਕੀ ਹੋਇਆ ਸੀ।"
ਮੈਂ ਇਹਨੂੰ ਇਹ ਘਟਨਾ ਕਿੰਨੀ ਵਾਰ ਦੱਸ ਚੁੱਕੀ ਆਂ। ਪਤਾ ਨਹੀਂ ਇਹ ਕਿਉਂ ਵਾਰ-ਵਾਰ ਪੁੱਛਦੀ ਆ। ਇਹਨੂੰ ਫੇਰ ਦੱਸਣਾ ਪੈਣਾ। ਇਹ ਕਿਹੜਾ ਖਹਿੜਾ ਛੱਡਣ ਵਾਲੀ ਆ।ਮੈਂ ਤੇ ਚਾਹੁੰਦੀ ਆਂ ਇਹ ਕਿਸੇ ਤਰ੍ਹਾਂ ਲੱਭੂ ਤੇ ਰੱਜੂ.....।
ਉਸ ਦਿਨ ਬਰਾਦਰੀ ਨੇ ਛੱਪੜ 'ਚ ਬੇੜਾ ਛੱਿਡਆ ਸੀ। ਰਾਤ ਨੂੰ ਸਾਲ ਕਰਵਾਇਆ ਸੀ। ਜਿਸ ਪਾਸੇ ਕੁੜੀਆਂ ਬੁੜੀਆਂ ਬੈਠੀਆਂ ਸਨ। ਉਸ ਪਾਸੇ ਅਜੈਬ ਸੁੰਹ ਹੁੰਦਲ ਦਾ ਨਿੰਦੀ ਆਪਣੀ ਢਾਣੀ ਲੈ ਕੇ ਖੜ੍ਹ ਗਿਆ ਸੀ। ਸਾਰੇ ਦਾਰੂ ਨਾਲ ਰੱਜੇ ਪਏ ਸਨ। ਸੱਤਾ ਇਸ ਗਲੋਂ ਔਖਾ ਸੀ, ਕਿ ਉਹ ਕੁੜੀਆਂ ਵਾਲੇ ਪਾਸੇ ਕਿਉਂ ਖੜ੍ਹੇ ਆ। ਉਹ ਕੁੜੀਆਂ ਨਾਲ ਸ਼ਰਾਰਤ ਕਰਨੀ ਚਾਹੁੰਦੇ ਸਨ। ਫੇਰ ਉਹ ਨਚਾਰਾਂ ਨੂੰ ਸੱਦ-ਸੱਦ ਕੇ ਬੇਲਾਂ ਕਰਵਾਉਣ ਲੱਗ ਪਏ। ਪ੍ਰਬੰਧਕੀ ਕਮੇਟੀ ਨੇ ਇੱਕ-ਦੋ ਵਾਰ ਰੋਕੇ ਵੀ। ਉਹ ਕਿਤੇ ਮੰਨਣ ਵਾਲੀਆਂ ਜਿਨਸਾਂ ਸਨ। ਅਗਲੇ ਹੋਏ ਵੱਡਿਆਂ ਘਰਾਂ ਦੇ ਕਾਕੇ। ਉਨ੍ਹਾਂ ਸੱਤੇ ਨੂੰ ਗਾਲ੍ਹ ਕੱਢ ਦਿੱਤੀ ਸੀ ।
ਸੱਤੇ ਦੀਆਂ ਅੱਖਾਂ ਵਿੱਚ ਲਹੂ ਉੱਤਰ ਆਇਆ ਸੀ। ਉਹਨੇ ਨਿੰਦੀ ਨੂੰ ਧੱਕਾ ਮਾਰਿਆ। ਨਿੰਦੀ ਦੇ ਨਾਲ ਦੇ ਨੇ ਸੱਤੇ ਦੇ ਸਿਰ ਵਿੱਚ ਗੰਡਾਸੀ.....। ਰੌਲਾ ਪੈ ਗਿਆ ਸੀ। ਫੇਰ ਨਹੀਂ ਕੁੱਝ ਪਤਾ ਲੱਗਿਆ। ਹਸਪਤਾਲ ਤੀਏ ਦਿਨ....। ਉਹਨੇ ਬੱਚ ਜਾਣਾ ਸੀ ਪਰ ਡਾਕਟਰ ਵੀ ਉਨਾਂ ਨਾਲ......। ਉਹਨੇ ਆਖਰੀ ਸਾਹ ਲਿਆ , ਉਹਦੀਆਂ ਅੱਖਾਂ ਖੁੱਲ੍ਹੀਆਂ ਸਨ। ਸੁਰਖ ਲਾਲ.......।
ਮੇਰੇ ਸਰੀਰ ਵਿੱਚ ਭੋਰਾ ਜਾਨ ਨਹੀਂ ਰਹੀ।। ਝੂਠਾ ਪੈਂਦਾ ਜਾਂਦਾ। ਜਿਦਣ ਦਾ ਉਹ ਮੁੱਕਿਆ, ਬੀਜੀ ਤੇ ਬਾਊ ਜੀ ਜਮ੍ਹਾਂ ਈ ਰਹਿ ਗਏ। ਮੈਂ ਪਤਾ ਨੀ ਕਿਦਾਂ ਤੁਰੀ ਫਿਰਦੀ ਆ। ਮੈਂ ਰੰਮੀ ਵੱਲ ਦੇਖਦੀ ਹਾਂ। ਇਹਦੀਆਂ ਅੱਖਾਂ ਵਿੱਚ ਲਾਲੀ ਆ, ਇਹ ਇੱਕ ਟੱਕ ਕੰਧ ਵੱਲ ਦੇਖ ਰਹੀ ਹੈ। ਸਾਹਮਣੇ ਕੰਧ 'ਤੇ ਭਗਤ ਸਿੰਘ, ਸਰਾਭੇ ਤੇ ਗਦਰੀਆਂ ਦੀਆਂ ਫੋਟੋ ਹਨ। ਦੱਸ ਭਲਾ ਇਹ ਇਨ੍ਹਾਂ ਦੀ ਰੀਸ ਕਰ ਲਊ। ਇਹ ਸਾਰੇ ਜ਼ਮੀਨਾਂ ਜ਼ਾਇਦਾਦਾਂ ਵਾਲੇ ਸਨ। ਅਸੀਂ ਕੰਮੀ ਕਮੀਨਾਂ ਨੇ ਸਰਕਾਰ ਨਾਲ ਕੀ ਟੱਕਰ ਲੈਣੀ ਹੋਈ। ਰੱਜੂ ਤੇ ਲੱਭੂ ਹੁਣੀ ਵੀ ਕੁੜੀਆਂ ਆ। ਮੈਂ ਇਹਨੂੰ ਉਹਨਾਂ ਦੇ ਕਮਰੇ ਦਿਖਾ ਕੇ ਲਿਆਈ। ਐਸ਼ਵਰਿਆ ਰਾਏ, ਕਾਜੋਲ, ਕਰੀਨਾ..... ਪਤਾ ਨਹੀਂ ਕਿਹਦੇ-ਕਿਹਦੇ ਪੋਸਟਰ ਲਾਈ ਫਿਰਦੀਆਂ ਹਨ। ਫੇਰ ਉਨ੍ਹਾਂ ਵਰਗੇ ਆਪਣੇ ਵੀ ਪੋਸਟਰ ਬਣਾਏ ਹੋਏ ਹਨ। ਮੋਹਰੋਂ ਬੱਟਨ ਖੁੱਲ੍ਹੇ ਹੋਏ ਤੇ......।
ਇਹ ਉਨ੍ਹਾਂ ਦੇ ਘਰ ਬੋਲੀ ਨਾ। ਆਪਣੇ ਨਾਨੀ ਨਾਨੇ ਕੋਲ ਜਾ ਕੇ ਲੱਗ ਪਈ ਭਾਸ਼ਣ ਕਰਨ। ਬਾਊ ਜੀ ਵੀ ਇਹਦੇ ਨਾਲ ਰਲ ਗਏ ਸਨ। ਉਹ ਪਹਿਲਾਂ ਹੀ ਭਰੇ ਪੀਤੇ ਬੈਠੇ ਸਨ-
"ਮਾੜੀ ਮੋਟੀ ਸੱਤੇ ਵਾਲੀ ਅਣਖ ਕਿੰਦੇ ਵਿੱਚ ਸੀ। ਉਹ ਇਸ ਕੰਜਰਖਾਨੇ ਤੋਂ ਰੋਕਦਾ ਸੀ ਇਨ੍ਹਾਂ ਨੂੰ। ਉਹਨੂੰ ਇਟਲੀ ਭੇਜ ਕੇ ਉਹਦਾ ਫਾਹਾ ਵੱਢ ਦਿੱਤਾ।"
ਫੇਰ ਉਸ ਹੌਂਕਾ ਲਿਆ ਸੀ।
"ਸੱਤੇ ਨੂੰ ਨਿੰਦੀ ਹੁਰੀਂ ਇੱਕ ਵਾਰ ਮਾਰਿਆ ਸੀ। ਇਹ ਟੱਬਰ ਉਹਨੂੰ ਰੋਜ਼ ਕਤਲ ਕਰਦਾ ।"
ਮੈਂ ਭਾਰਟੇ ਜਾਂਦੀ ਜ਼ਰੂਰ ਆਂ। ਪਰ ਮੇਰੀ ਰੂਹ ਨਹੀਂ ਭਿੱਜਦੀ। ਉਸ ਪਿੰਡ ਵਿੱਚ ਸੱਤਾ ਨਹੀਂ ਦਿਸਦਾ। ਖੱਟਕੜ ਕਲਾਂ ਸੱਤਾ ਘੱਟੋ-ਘੱਟ ਮੌਜੂਦ ਤਾਂ ਰਹਿੰਦਾ ਏ। ਮੈਨੂੰ ਰੰਮੀ ਵੱਲ ਦੇਖ ਕੇ, ਕੰਧਾਂ ਤੇ ਲੱਗੀਆਂ ਫੋਟੋ ਦੇਖ ਕੇ ਲੱਗਦਾ ਸੱਤਾ ਮੋਇਆ ਨਹੀਂ। ਮੇਰੀ ਧੀ ਵਿੱਚ ਸੱਤੇ ਵਾਲੀ ਕਣੀ ਆ। ਸੁਖਦੇਵ ਨਾਲ ਰੱਜ ਕੇ ਮੋਹ ਕਰਦੀ ਏ। ਵਿਹੜੇ ਵਿੱਚ ਲਾਏ ਚਮੇਲੀ ਦੇ ਫੁੱਲਾਂ ਦਾ ਪੂਰਾ ਧਿਆਨ ਰੱਖਦੀ ਹੈ। ਅਖੇਗੀ__
"ਵੀਰ ਸੁਖਦੇਵ ਨੂੰ ਚਮੇਲੀ ਦੇ ਫੁੱਲ ਬਹੁਤ ਪਸੰਦ ਸਨ। ਇਹ ਸਦਾ ਬਹਾਰ ਫੁੱਲ ਹੈ। ਚੌਵੀ ਘੰਟੇ ਮਿੱਠੀ-ਮਿੱਠੀ ਸੁਗੰਧ ਛੱਡਦੇ ਆ। ਜਿਵੇਂ ਫਾਂਸੀ ਲੱਗਣ ਤੋਂ ਬਾਅਦ ਵੀ ਸੁੱਖਦੇਵ ਵੀਰ ਦੀ ਵਿਚਾਰਧਾਰਾ ਸੁਗੰਧ ਫੈਲਾ ਰਹੀ ਐ।"
ਸੱਤੇ ਦੇ ਨਾਲ ਇੱਕ ਕੁਚ ਦਾੜ੍ਹੀ ਵਾਲਾ ਭਾਈ ਘਰ ਆਉਂਦਾ ਹੁੰਦਾ ਸੀ। ਉਹਦੇ ਨਾਲ ਇੱਕ ਸੋਹਣੀ ਜਿਹੀ ਜ਼ਨਾਨੀ ਹੁੰਦੀ ਆ। ਉਹਦਾ ਨਾਂ ਚੇਤਨਾ ਹੈ।। ਰੰਮੀ ਉਨ੍ਹਾਂ ਨਾਲ ਤੁਰੀ ਫਿਰਦੀ ਏ। ਸੱਤੇ ਦੇ ਕਤਲ ਤੋਂ ਬਾਅਦ ਮੈਂ ਟੁੱਟ ਗਈ ਸੀ। ਉਦੋਂ ਉਨ੍ਹਾਂ ਮੈਨੂੰ ਸਾਂਭਿਆ ਸੀ। ਉਹਨੀਂ ਮੈਨੂੰ ਤੱਕੜੀ ਕੀਤਾ ਸੀ। ਉਨ੍ਹਾਂ ਦੇ ਆਖੇ ਲੱਗ ਕੇ ਮੈਂ ਵੀ ਸੱਤੇ ਦੇ ਰਾਹ ਤੁਰਨ ਦਾ ਫ਼ੈਸਲਾ ਕੀਤਾ ਸੀ। ਮੈਂ ਪਿੰਡੋਂ ਸੱਤੇ ਦੀਆਂ ਕਿਤਾਬਾਂ ਚੁੱਕ ਲਿਆਈ ਸੀ। ਉਹ ਦੋਨੋਂ ਘਰ ਆਉਂਦੇ। ਪਰਚਾ ਦੇ ਜਾਂਦੇ ਤੇ ਹੋਰ ਕਿਤਾਬਾਂ ਦੇ ਜਾਂਦੇ। ਰੰਮੀ ਦੇ ਪਿਓ ਨੂੰ ਮਰਦ ਜਾਤ ਬਹੁਤੀ ਭਾਉਂਦੀ ਨਹੀਂ। ਮੇਰੇ 'ਤੇ ਕਈ ਰੋਕਾਂ ਲੱਗ ਗਈਆਂ ਸਨ। ਫੇਰ ਮੈਂ ਘਰ ਦੇ ਖਲਜਗਣ ਵਿੱਚ ਉਲਝ ਕੇ ਰਹਿ ਗਈ ਸੀ। ਹੁਣ ਰੰਮੀ ਉਹਨਾਂ ਨਾਲ ਧਰਨਿਆਂ ਮੁਜ਼ਾਹਰਿਆ ਤੇ ਜਾਂਦੀ ਏ। ਆਪਣੇ ਕਾਲਜ ਦੀ ਸਟੂਡੈਂਟ ਯੂਨੀਅਨ ਦੀ ਲੀਡਰ ਹੈ। ਪਿੰਡ ਬੁੱਤ 'ਤੇ ਸ਼ਹੀਦੀ ਦਿਨ ਮਨਾਉਣ ਲਈ ਮੋਹਰੇ ਹੁੰਦੀ ਏ। ਮਜ਼ਦੂਰਾਂ ਦੇ ਬਿਜਲੀ ਬਿੱਲ ਮੁਆਫ ਕਰਾਉਣ ਲਈ ਘੋਲ ਚੱਲ ਰਿਹਾ ਏ। ਉਥੇ ਤਾਂ ਮੈਨੂੰ ਵੀ ਲੈ ਜਾਂਦੀ ਏ। ਮੈਨੂੰ ਸੁਖਦੇਵ ਹੁਰਾਂ ਦੀ ਸਿਆਸਤ ਸਮਝਾਉਣ ਲੱਗ ਪੈਂਦੀ ਆ।ਉਹ ਰੱਜੂ ਤੇ ਲੱਭੂ ਵੀ ਕਿਸੇ ਦੀਆਂ ਕੁੜੀਆਂ ਆ। ਜਿਹੜੀਆਂ ਲੋਕਾਂ ਨੂੰ ਉਂਗਲੀਆਂ ਤੇ ਨਚਾਈ ਫਿਰਦੀਆਂ ਹਨ।
ਸਾਡੇ ਪਿੰਡ ਵਾਲਾ ਰੇਵਲ ਸਿੰਘ ਸੰਧੂ ਦਾ ਪਰਿਵਾਰ ਮੁੰਡੇ ਦਾ ਵਿਆਹ ਕਰਨ ਇੰਗਲੈਂਡ ਤੋਂ ਆਇਆ ਹੋਇਆ ਸੀ। ਮੇਰੇ ਸਹੁਰੇ ਉਨ੍ਹਾਂ ਦੇ ਲਾਗੀ ਰਹੇ ਆ। ਵਿਆਹ 'ਤੇ ਸਾਨੂੰ ਵੀ ਸੱਦਾ ਸੀ। ਰੰਮੀ ਜਾਣ ਲਈ ਮੰਨੀ ਨਾ। ਮੈਂ ਪੈਲੇਸ ਵਿੱਚ ਪਾਰਟੀ ਖਾਣ ਚਲੀ ਗਈ। ਪੈਲੇਸ ਦੇ ਅੰਦਰ ਮੁੰਡੇ ਟਹਿਕੇ ਲਾਉਣ -
"ਹਾਏ ਓਏ! ਰਾਜੀ ਰਾਜਦੀਪ ਤੇ ਪ੍ਰੀਤੀ ਲਵਪ੍ਰੀਤ ਨੂੰ ਲਿਆਓ।"
ਸਟੇਜ ਸਕੱਤਰ ਵੀ ਕੁੜੀਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੀਂ ਜਾਵੇ। ਨੰਤੀਆਂ ਪਾਈ ਖੜ੍ਹੇ ਮੁੰਡੇ ਸੀਟੀਆਂ ਮਾਰਨ ਲੱਗ ਪਏ। ਉਨ੍ਹ
April 17, 2020

ਮਹਾਂ-ਮੂਰਖ ਰੂਸੀ ਬਾਲ ਕਹਾਣੀ


ਪਿਆਰੇ ਬੱਚਿਓ! ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਕਿਸੇ ਰਾਜ ਦੇ ਇੱਕ ਪਿੰਡ ਵਿੱਚ ਇੱਕ ਗ਼ਰੀਬ ਪਰਿਵਾਰ ਰਹਿੰਦਾ ਸੀ । ਪਰਿਵਾਰ ਦਾ ਮੁਖੀਆ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ । ਔਲਾਦ ਦੇ ਨਾਂਅ ‘ਤੇ ਉਸਦੇ ਘਰ ਇੱਕ ਪੁੱਤਰ ਅਤੇ ਧੀ ਸੀ ਤੇ ਦੋਵੇਂ ਹੀ ਵਿਆਹੇ ਹੋਏ ਸਨ । ਘਰ ਦਾ ਮੁਖੀਆ ਜਿੱਥੇ ਦਿਨ-ਰਾਤ ਮਿਹਨਤ ਕਰਦਾ ਸੀ, ਉੱਥੇ ਉਸਦਾ ਪੁੱਤਰ ਸਿਰੇ ਦਾ ਨਿਕੰਮਾ ਅਤੇ ਆਲਸੀ ਸੀ । ਜਦੋਂ ਦੀ ਉਸਦੀ ਸੁਰਤ ਸੰਭਲੀ ਸੀ, ਉਸਨੇ ਕਦੇ ਡੱਕਾ ਦੂਹਰਾ ਕਰਕੇ ਨਹੀਂ ਸੀ ਵੇਖਿਆ । ਉਹ ਬਿਨਾ ਨ੍ਹਾਤੇ-ਧੋਤੇ ਜੰਗਲ ਵੱਲ ਨਿੱਕਲ ਜਾਂਦਾ ਤੇ ਸਾਰੀ ਦਿਹਾੜੀ ਬੇਰੀਆਂ ਦੇ ਬੇਰ ਆਦਿ ਖਾਂਦਾ ਰਹਿੰਦਾ ਤੇ ਮੂੰਹ-ਹਨ੍ਹੇਰੇ ਹੀ ਘਰ ਵੜਦਾ । ਜਦੋਂ ਵੀ ਕਦੇ ਉਸਦਾ ਪਿਤਾ ਉਸਨੂੰ ਕੋਈ ਕੰਮ-ਧੰਦਾ ਕਰਨ ਲਈ ਕਹਿੰਦਾ ਤਾਂ ਉਹ ਘੜਿਆ-ਘੜਾਇਆ ਬੱਸ ਇੱਕੋ ਜਵਾਬ ਹੀ ਦਿੰਦਾ ਕਿ ਮੈਂ ਤਾਂ ਬਿਨਾ ਹੱਥ ਹਿਲਾਇਆਂ ਹੀ ਅਮੀਰ ਬਣਨਾ ਹੈ ।ਇੰਜ ਦਿਨ ਬਤੀਤ ਹੁੰਦੇ ਗਏ, ਪਰਿਵਾਰ ਦਾ ਮੁਖੀਆ ਇੱਕ ਦਿਨ ਅਚਾਨਕ ਅਕਾਲ ਚਲਾਣਾ ਕਰ ਗਿਆ । ਬਜ਼ੁਰਗ ਪਿਤਾ ਦੀਆਂ ਅੰਤਿਮ ਰਸਮਾਂ ਕਰਨ ਤੋਂ ਬਾਅਦ ਹੁਣ ਉਸਦੀ ਘਰ ਵਾਲੀ ਉਸਨੂੰ ਕੋਈ ਕੰਮ-ਕਾਰ ਕਰਕੇ ਪੈਸਾ ਕਮਾਕੇ ਲਿਆਉਣ ਲਈ ਕਹਿੰਦੀ, ਪ੍ਰੰਤੂ ਉਹ ਆਪਣੀ ਅੜੀ ਤੋਂ ਟੱਸ ਤੋਂ ਮੱਸ ਨਾ ਹੁੰਦਾ । ਉਸਦੀ ਘਰਵਾਲੀ ਉਸਨੂੰ ਕੰਮ ਕਰਨ ਲਈ ਕਹਿੰਦੀ ਤਾਂ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ । ਅਖੀਰ ਇੱਕ ਦਿਨ ਅਜਿਹਾ ਵੀ ਆਇਆ ਜਦੋਂ ਉਹ ਇਹ ਸੋਚ ਕੇ ਘਰੋਂ ਨਿੱਕਲ ਗਿਆ ਕਿ ਉਹ ਘਰ ਉਦੋਂ ਹੀ ਪਰਤੇਗਾ ਜਦੋਂ ਅਮੀਰ ਹੋ ਜਾਵੇਗਾ ।ਪਿਆਰੇ ਬੱਚਿਓ! ਮੰਜ਼ਿਲ ਤਾਂ ਉਸਦੀ ਕੋਈ ਹੈ ਹੀ ਨਹੀਂ ਸੀ, ਉਹ ਨੱਕ ਦੀ ਸੇਧ ਘਰੋਂ ਤੁਰ ਪਿਆ । ਤੁਰਦਿਆਂ-ਤੁਰਦਿਆਂ ਉਹ ਇੱਕ ਜੰਗਲ ਵਿੱਚੋਂ ਲੰਘ ਰਿਹਾ ਸੀ ਕਿ ਉਸਨੂੰ ਇੱਕ ਬਘਿਆੜ ਮਿਲ ਗਿਆ । ਬਘਿਆੜ ਨੇ ਉਸਨੂੰ ਪੁੱਛਿਆ- ਦੋਸਤ ਕਿੱਥੇ ਜਾ ਰਿਹੈਂ? ਉਸਨੇ ਬਘਿਆੜ ਨੂੰ ਆਪਣੇ ਸਫ਼ਰ ‘ਤੇ ਜਾਣ ਦਾ ਮਨੋਰਥ ਦੱਸਦਿਆਂ ਕਿਹਾ ਕਿ ਉਹ ਕਿਸੇ ਅਜਿਹੇ ਮਨੁੱਖ ਦੀ ਭਾਲ ਵਿੱਚ ਹੈ ਜੋ ਉਸਨੂੰ ਇਹ ਗੁਰ ਦੱਸ ਸਕੇ ਕਿ ਬਿਨਾ ਹੱਥ ਹਿਲਾਇਆਂ ਅਮੀਰ ਕਿਵੇਂ ਬਣਿਆ ਜਾ ਸਕਦਾ ਹੈ । ਬਘਿਆੜ ਨੇ ਉਸਨੂੰ ਕਿਹਾ ਕਿ ਜੇ ਤੈਨੂੰ ਕੋਈ ਅਜਿਹਾ ਮਨੁੱਖ ਮਿਲ ਜਾਵੇ ਤਾਂ ਤੂੰ ਮੇਰੇ ਬਾਰੇ ਵੀ ਜ਼ਰੂਰ ਪੁੱਛ ਕੇ ਆਵੀਂ ਕਿ ਮੇਰੇ ਢਿੱਡ ਵਿੱਚ ਹਮੇਸ਼ਾ ਹੀ ਮਿੰਨ੍ਹਾ-ਮਿੰਨ੍ਹਾ ਦਰਦ ਕਿਉਂ ਹੁੰਦਾ ਰਹਿੰਦਾ ਹੈ? ਇਹ ਕਿਵੇਂ ਠੀਕ ਹੋਵੇਗਾ? ਅੱਛਾ! ਕਹਿਕੇ ਉਹ ਅੱਗੇ ਤੁਰ ਪਿਆ ।ਜੰਗਲ ਲੰਘਕੇ ਅੱਗੇ ਉਹ ਇੱਕ ਤਲਾਬ ਕੋਲ ਦੀ ਲੰਘ ਰਿਹਾ ਸੀ ਤਾਂ ਤਲਾਬ ਦੀ ਇੱਕ ਮੱਛੀ ਨੇ ਪਾਣੀ ਵਿੱਚੋਂ ਉੱਚੀ ਛਲਾਂਗ ਲਾਉਂਦਿਆਂ ਉਸਨੂੰ ਪੁੱਛਿਆ ਕਿ ਰਾਹੀਆ ਤੂੰ ਕਿੱਧਰ ਜਾ ਰਿਹੈਂ? ਤਾਂ ਉਸਨੇ ਮੱਛੀ ਨੂੰ ਆਪਣੇ ਸਫ਼ਰ ਦੇ ਮਕਸਦ ਬਾਰੇ ਦੱਸਿਆ ਤਾਂ ਮੱਛੀ ਨੇ ਝੱਟਪੱਟ ਉਸਨੂੰ ਕਿਹਾ ਕਿ ਜੇਕਰ ਤੈਨੂੰ ਕੋਈ ਅਜਿਹਾ ਕਰਾਮਾਤੀ ਇਨਸਾਨ ਮਿਲ ਜਾਵੇ ਤਾਂ ਫਿਰ ਮੇਰੇ ਬਾਰੇ ਵੀ ਪੁੱਛਕੇ ਆਵੀਂ- ਮੇਰੇ ਗਲੇ ਵਿੱਚ ਹਮੇਸ਼ਾ ਦਰਦ ਕਿਉਂ ਰਹਿੰਦਾ ਹੈ? ਅੱਛਾ! ਕਹਿਕੇ ਉਹ ਨੌਜਵਾਨ ਫਿਰ ਅੱਗੇ ਤੁਰ ਪਿਆ ।ਤੁਰਦਿਆਂ-ਤੁਰਦਿਆਂ ਉਸ ਨੂੰ ਰਾਤ ਪੈ ਗਈ । ਰਾਤ ਦੇ ਹਨ੍ਹੇਰੇ ਵਿੱਚ ਉਹ ਇੱਕ ਵੱਡੇ ਸਾਰੇ ਜਾਮਣ ਦੇ ਦਰੱਖਤ ਦੇ ਟਾਹਣੇ ‘ਤੇ ਚੜ੍ਹਕੇ ਬੈਠ ਗਿਆ ਤਾਂ ਕਿ ਕੋਈ ਮਾਸਾਹਾਰੀ ਜਾਨਵਰ ਹੀ ਨਾ ਮਾਰ ਕੇ ਖਾ ਜਾਵੇ । ਜਦੋਂ ਸਵੇਰ ਹੋਣ ‘ਤੇ ਉਹ ਉੱਥੋਂ ਤੁਰਨ ਲੱਗਾ ਤਾਂ ਉਸ ਜਾਮਣ ਦੇ ਦਰੱਖਤ ਨੇ ਉਸਨੂੰ ਪੁੱਛਿਆ ਕਿ ਹੇ ਰਾਹੀਆ ਤੂੰ ਕਿੱਧਰ ਜਾ ਰਿਹੈਂ? ਤਾਂ ਉਸਨੇ ਦਰੱਖਤ ਨੂੰ ਵੀ ਆਪਣੇ ਸਫਰ ‘ਤੇ ਜਾਣ ਦਾ ਮਕਸਦ ਦਸ ਦਿੱਤਾ । ਉਸਦੀ ਗੱਲ ਸੁਣਕੇ ਜਾਮਣ ਦਾ ਦਰੱਖਤ ਵੀ ਉਸਨੂੰ ਕਹਿਣ ਲੱਗਾ- ਹੇ ਭਲੇ ਮਨੁੱਖ ਜੇ ਤੈਨੂੰ ਕੋਈ ਅਜਿਹਾ ਦਰਵੇਸ਼ ਮਨੁੱਖ ਸੱਚਮੁੱਚ ਹੀ ਮਿਲ ਜਾਵੇ ਤਾਂ ਮੇਰੇ ਬਾਰੇ ਜਰੂਰ ਪੁੱਛਕੇ ਆਵੀਂ ਕਿ ਮੈਨੂੰ ਕਦੇ ਫੁੱਲ, ਫਲ ਕਿਉਂ ਨਹੀਂ ਲੱਗਦੇ? ਅੱਛਾ! ਕਹਿਕੇ ਉਹ ਫਿਰ ਅੱਗੇ ਤੁਰ ਪਿਆ ।ਉਹ ਤੁਰੀ ਜਾ ਰਿਹਾ ਸੀ ਤੇ ਅਗਲੀ ਰਾਤ ਪੈਣ ‘ਤੇ ਅਚਾਨਕ ਉਸਨੂੰ ਕੁਝ ਦੂਰੀ ‘ਤੇ ਇੱਕ ਝੁੱਗੀ ਦਿਸੀ । ਜਿਸ ‘ਚੋਂ ਦੀਵੇ ਦੀ ਰੌਸ਼ਨੀ ਵੀ ਦਿਖਾਈ ਦੇ ਰਹੀ ਸੀ । ਉਹ ਉਸ ਝੁੱਗੀ ਦੇ ਨੇੜੇ ਗਿਆ ਤਾਂ ਕੀ ਦੇਖਦਾ ਹੈ ਕਿ ਝੁੱਗੀ ਅੰਦਰ ਇੱਕ ਸਾਧੂ ਸਮਾਧੀ ਲਾਈ ਬੈਠਾ ਭਗਤੀ ਕਰ ਰਿਹਾ ਹੈ । ਉਹ ਝੁੱਗੀ ਦੇ ਅੰਦਰ ਗਿਆ ਤੇ ਸਾਧੂ ਨੂੰ ਮੱਥਾ ਟੇਕ ਕੇ ਝੁੱਗੀ ਦੇ ਇੱਕ ਕੋਨੇ ਵਿੱਚ ਬੈਠ ਗਿਆ । ਕੁਝ ਦੇਰ ਬਾਅਦ ਜਦੋਂ ਸਾਧੂ ਸਮਾਧੀ ‘ਚੋਂ ਉੱਠਿਆ ਤਾਂ ਉਸਨੇ ਉਸ ਨੌਜਵਾਨ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਸਾਧੂ ਨੂੰ ਬੜੀ ਨਿਮਰਤਾ ਨਾਲ ਆਪਣੀ ਸਾਰੀ ਕਹਾਣੀ ਸੁਣਾਈ ਕਿ ਉਹ ਕਿਸੇ ਅਜਿਹੇ ਮਹਾਤਮਾ ਦੀ ਭਾਲ ਵਿੱਚ ਹੈ ਜੋ ਉਸਨੂੰ ਇਹ ਗੁਰ ਦੱਸ ਦੇਵੇ ਕਿ ਬਿਨਾਂ ਹੱਥ ਹਿਲਾਇਆ ਅਮੀਰ ਕਿਵੇਂ ਬਣਿਆ ਜਾ ਸਕਦਾ ਹੈ ? ਇਸਦੇ ਨਾਲ ਹੀ ਉਸਨੇ ਆਪਣੇ ਸਫਰ ਦੌਰਾਨ ਬਘਿਆੜ, ਮੱਛੀ ਅਤੇ ਜਾਮਣ ਦੇ ਦਰੱਖਤ ਵਾਲੀ ਗੱਲ ਵੀ ਦੱਸੀ । ਸਾਧੂ ਫਿਰ ਸਮਾਧੀ ‘ਚ ਲੀਨ ਹੋ ਗਿਆ ਕੁਝ ਦੇਰ ਬਾਅਦ ਉਸਨੇ ਸਮਾਧੀ ਖੋਲ੍ਹਦਿਆਂ ਕਿਹਾ ਕਿ ਜਿਹੜੇ ਜਾਮਣ ਦੇ ਦਰੱਖਤ ਨੂੰ ਫੁੱਲ, ਫਲ ਨਾ ਲੱਗਣ ਦੀ ਗੱਲ ਹੈ; ਉਸਦਾ ਦਾ ਉਪਾਅ ਤਾਂ ਇਹ ਹੈ ਕਿ ਉਸ ਦੀਆਂ ਜੜ੍ਹਾਂ ਹੇਠ ਹੀਰੇ ਜਵਾਹਰਾਤ ਦਾ ਖਜ਼ਾਨਾ ਦੱਬਿਆ ਹੋਇਆ ਹੈ, ਜੇਕਰ ਉਸਨੂੰ ਕੱਢ ਦਿੱਤਾ ਜਾਵੇ ਤਾਂ ਉਸਨੂੰ ਫਲ ਲੱਗਣ ਲੱਗ ਪਵੇਗਾ । ਮੱਛੀ ਦੇ ਗਲੇ ਵਿੱਚ ਹੀਰਾ ਫਸਿਆ ਹੋਇਆ ਹੈ ਤੇ ਉਸਦੇ ਨਿੱਕਲਣ ਤੋਂ ਬਾਅਦ ਹੀ ਉਹ ਠੀਕ ਹੋ ਸਕਦੀ ਹੈ । ਰਹੀ ਗੱਲ ਬਘਿਆੜ ਦੀ ਉਸਦੇ ਢਿੱਡ ਦਾ ਦਰਦ ਤਾਂ ਹੀ ਠੀਕ ਹੋਵੇਗਾ ਜੇਕਰ ਉਹ ਕਿਸੇ ਮਹਾਂ-ਮੂਰਖ ਨੂੰ ਮਾਰ ਕੇ ਖਾ ਜਾਵੇ । ਸਾਰਾ ਕੁਝ ਸੁਣਨ ਤੋਂ ਬਾਅਦ ਉਸਨੇ ਆਪਣੇ ਬਾਰੇ ਪੁੱਛਿਆ ਕਿ ਮਹਾਰਾਜ! ਮੇਰੇ ਬਾਰੇ ਵੀ ਕੁਝ ਦੱਸੋ ਤਾਂ ਮਹਾਤਮਾ ਜੀ ਨੇ ਕਿਹਾ ਕਿ ਤੂੰ ਘਰ ਪਹੁੰਚ ਤੇਰਾ ਕੰਮ ਵੀ ਹੋ ਜਾਵੇਗਾ?ਸਾਧੂ ਦੀ ਕੁਟੀਆ ‘ਚ ਰਾਤ ਰਹਿਣ ਉਪਰੰਤ ਸਵੇਰ ਹੁੰਦਿਆਂ ਹੀ ਉਸ ਨੌਜਵਾਨ ਨੇ ਘਰ ਨੂੰ ਚਾਲੇ ਪਾ ਦਿੱਤੇ । ਹੁਣ ਉਹ ਛੇਤੀ ਤੋਂ ਛੇਤੀ ਘਰ ਪਹੁੰਚ ਜਾਣਾ ਚਾਹੁੰਦਾ ਸੀ ।ਜਾਮਣ ਦੇ ਦਰੱਖਤ ਕੋਲ ਪੁੱਜਦਿਆਂ ਹੀ ਉਸਨੇ ਦਰੱਖਤ ਨੂੰ ਕਿਹਾ ਕਿ ਤੇਰੀਆਂ ਜੜ੍ਹਾਂ ਦੇ ਹੇਠ ਹੀਰੇ-ਜਵਾਹਰਾਤ ਦਾ ਖਜ਼ਾਨਾ ਦੱਬਿਆ ਹੋਇਆ ਹੈ ਜੇ ਉਹ ਨਿੱਕਲ ਜਾਵੇ ਤਾਂ ਤੈਨੂੰ ਫਲ ਲੱਗਣ ਲੱਗ ਪਵੇਗਾ । ਦਰੱਖਤ ਨੇ ਬੜੀ ਨਿਮਰਤਾ ਨਾਲ ਉਸਨੂੰ ਕਿਹਾ ਕਿ ਹੇ ਭਲੇ ਪੁਰਸ਼ ਜੇ ਇਹ ਕਰਮ ਤੂੰ ਆਪਣੇ ਹੱਥੀਂ ਆਪ ਹੀ ਕਰ ਦੇਵੇਂ ਤਾਂ ਇਹ ਖਜ਼ਾਨਾ ਤੈਨੂੰ ਹੀ ਪ੍ਰਾਪਤ ਹੋ ਜਾਵੇਗਾ । ਦਰੱਖਤ ਦੀ ਗੱਲ ਸੁਣਕੇ ਉਹ ਇੱਕਦਮ ਬੋਲਿਆ- ਨਹੀਂ ਨਹੀਂ ਮੈਂ ਤਾਂ ਬਿਨਾ ਹੱਥ ਹਿਲਾਇਆਂ ਹੀ ਅਮੀਰ ਬਣਨਾ ਹੈ ਕਹਿਕੇ ਉਹ ਅੱਗੇ ਤੁਰ ਗਿਆ ।ਉਹ ਨੌਜਵਾਨ ਤੇਜ਼ ਕਦਮੀ ਤੁਰਿਆ ਜਾਂਦਾ ਜਦੋਂ ਤਲਾਬ ਨੇੜੇ ਪੁੱਜਾ ਤਾਂ ਮੱਛੀ ਨੇ ਪਾਣੀ ‘ਚੋਂ ਛਲਾਂਗ ਲਾਉਂਦਿਆਂ ਉਸਨੂੰ ਪੁੱਛਿਆ- ਰਾਹੀਆ! ਕੁਝ ਪਤਾ ਲੱਗਾ ਮੇਰੇ ਗਲ ਦੇ ਦਰਦ ਬਾਰੇ?ਹਾਂ, ਹਾਂ ਪਤਾ ਲੱਗ ਗਿਆ ਏ । ਤੇਰੇ ਗਲੇ ‘ਚ ਹੀਰਾ ਫਸਿਆ ਹੋਇਆ ਹੈ, ਉਸਦੇ ਨਿੱਕਲਣ ਤੋਂ ਬਾਅਦ ਹੀ ਤੇਰੇ ਗਲੇ ਦਾ ਦਰਦ ਠੀਕ ਹੋ ਸਕੇਗਾ । ਉਸ ਨੌਜਵਾਨ ਦੀ ਗੱਲ ਸੁਣਕੇ ਮੱਛੀ ਨੇ ਬੜੀ ਹੀ ਕਰੁਣਮਈ ਆਵਾਜ਼ ਵਿੱਚ ਉਸਨੂੰ ਫਰਿਆਦ ਕਰਦਿਆਂ ਕਿਹਾ ਕਿ ਜੇ ਇਸ ਹੀਰੇ ਨੂੰ ਤੂੰ ਹੀ ਕੱਢ ਦੇਵੇਂ ਤੇ ਇਸਨੂੰ ਤੂੰ ਆਪਣੇ ਕੋਲ ਹੀ ਰੱਖ ਲਵੀਂ ਤੇ ਤੂੰ ਅਮੀਰ ਬਣ ਜਾਵੇਂਗਾ ।ਅੱਗਿਓਂ ਉਹ ਨੌਜਵਾਨ ਬੜੇ ਗੁੱਸੇ ਨਾਲ ਬੋਲਿਆ- ਨਹੀਂ-ਨਹੀਂ ਮੈਂ ਤਾਂ ਬਿਨਾ ਹੱਥ ਹਿਲਾਇਆਂ ਹੀ ਅਮੀਰ ਬਣਨਾ ਹੈ ਕਹਿ ਕੇ ਉਹ ਅੱਗੇ ਤੁਰ ਪਿਆ ।ਹੁਣ ਉਹ ਏਨੀ ਤੇਜ਼-ਤੇਜ਼ ਤੁਰ ਰਿਹਾ ਸੀ ਕਿ ਉਹ ਉੱਡ ਕੇ ਘਰ ਪੁੱਜ ਜਾਣਾ ਚਾਹੁੰਦਾ ਸੀ । ਅਜੇ ਉਸਦਾ ਜੰਗਲ ਵਾਲਾ ਰਸਤਾ ਵੀ ਤੈਅ ਕਰਨਾ ਬਾਕੀ ਰਹਿੰਦਾ ਸੀ ਕਿ ਉਸਨੂੰ ਫਿਰ ਰਾਤ ਪੈ ਗਈ । ਐਤਕੀਂ ਵੀ ਉਸਨੇ ਇੱਕ ਵੱਡੇ ਦਰੱਖਤ ਦੇ ਟਾਹਣੇ ਉਪਰ ਬੈਠ ਕੇ ਹੀ ਰਾਤ ਕੱਟੀ ਸੀ । ਸਵੇਰ ਹੁੰਦਿਆਂ ਹੀ ਉਹ ਫਿਰ ਘਰ ਵੱਲ ਨੂੰ ਤੇਜ਼ ਕਦਮੀਂ ਚੱਲ ਪਿਆ । ਜੰਗਲ ਦਾ ਕੁਝ ਰਸਤਾ ਤੈਅ ਕਰਨ ਤੋਂ ਬਾਅਦ ਉਸਨੂੰ ਉਹ ਬਘਿਆੜ ਮਿਲ ਪਿਆ ਜੋ ਬੜੀ ਬੇਸਬਰੀ ਨਾਲ ਉਸਦੀ ਉਡੀਕ ਕਰ ਰਿਹਾ ਸੀ । ਬਘਿਆੜ ਨੇ ਮਿਲਦਿਆਂ ਹੀ ਉਸਨੂੰ ਪੁੱਛਿਆ- ਹਾਂ ਦੋਸਤ! ਕੁਝ ਪਤਾ ਲੱਗਾ ਮੇਰੇ ਢਿੱਡ ਵਿਚਲੇ ਦਰਦ ਬਾਰੇ? ਹਾਂ ਪਤਾ ਲੱਗ ਗਿਆ ਹੈ, ਕਿ ਜੇ ਤੈਨੂੰ ਕੋਈ ਮਹਾਂ-ਮੂਰਖ ਮਿਲ ਜਾਵੇ ਤਾਂ ਤੂੰ ਉਸਨੂੰ ਖਾ ਜਾਵੀਂ ਤਾਂ ਤੇਰੇ ਢਿੱਡ ਦਾ ਦਰਦ ਠੀਕ ਹੋ ਜਾਵੇਗਾ । ਇਹ ਗੱਲ ਦੱਸਕੇ ਉਹ ਤੁਰਨ ਹੀ ਲੱਗਾ ਸੀ ਕਿ ਬਘਿਆੜ ਨੇ ਉਸਨੂੰ ਗੱਲੀਂ ਲਾ ਲਿਆ । ਉਸਨੇ ਬਘਿਆੜ ਨੁੰ ਆਪਣੇ ਰਸਤੇ ਦੀ ਸਾਰੀ ਕਹਾਣੀ ਸੁਣਾਉਂਦਿਆਂ ਜਾਮਣ ਦੇ ਦਰੱਖਤ ਤੇ ਮੱਛੀ ਵਾਲੀ ਗੱਲ ਵੀ ਦੱਸੀ । ਉਸ ਦੀਆਂ ਗੱਲਾਂ ਨੂੰ ਬਘਿਆੜ ਬੜੇ ਧਿਆਨ ਨਾਲ ਸੁਣ ਰਿਹਾ ਸੀ । ਉਸਦੀ ਗੱਲ ਅਜੇ ਮੁੱਕੀ ਵੀ ਨਹੀਂ ਸੀ ਕਿ ਬਘਿਆੜ ਨੇ ਬਿਜਲੀ ਦੀ ਫੁਰਤੀ ਨਾਲ ਉਸ ਉੱਤੇ ਝਪਟਾ ਮਾਰਦਿਆਂ ਕਿਹਾ- ਮੂਰਖਾ! ਤੇਰੇ ਨਾਲੋਂ ਵੱਡਾ ਮਹਾਂ-ਮੂਰਖ ਭਲਾ ਕੌਣ ਹੋਵੇਗਾ, ਜਿਹੜਾ ਏਨੀ ਧਨ-ਦੌਲਤ ਰਸਤੇ ਵਿੱਚ ਹੀ ਛੱਡ ਆਇਆ, ਕਹਿੰਦਿਆਂ ਉਹ ਉਸਨੂੰ ਮਾਰ ਕੇ ਖਾ ਗਿਆ ।ਪਿਆਰੇ ਬੱਚਿਓ! ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਲਸ ਨਹੀਂ ਕਰਨੀ ਚਾਹੀਦੀ, ਮਿਹਨਤ ਦਾ ਪੱਲਾ ਫੜਕੇ ਤੁਰਨ ਵਾਲਾ ਇਨਸਾਨ ਜ਼ਿੰਦਗੀ ਵਿੱਚ ਕਦੇ ਵੀ ਧੋਖਾ ਨਹੀਂ ਖਾਂਦਾ ।(ਅਨੁਵਾਦਕ: ਸ. ਸ. ਰਮਲਾ, ਸੰਗਰੂਰ)
April 17, 2020

ਚਿੜੀ ਅਤੇ ਕਾਂ ਬਾਲ ਕਹਾਣੀ Chiri Ate Kaan Baal Kahani



ਇੱਕ ਵਾਰੀ, ਇੱਕ ਚਿੜੀ ਅਤੇ ਕਾਂ ਇੱਕੋ ਦਰਖਤ ਤੇ ਰਹਿੰਦੇ ਸਨ। ਉਨ੍ਹਾਂ ਵਿੱਚ ਦੋਸਤੀ ਹੋ ਗਈ। ਉਹ ਦੋਵੇਂ ਮਿਲ ਕੇ ਦਾਣਾ ਚੁਗਦੇ। ਜਿੱਥੇ ਚਿੜੀ ਨੂੰ ਦਾਣੇ ਲੱਭ ਜਾਂਦੇ ਉਹ ਕਾਂ ਨੂੰ ਚੀਂ-ਚੀਂ ਕਰ ਕੇ ਬੁਲਾ ਲੈਂਦੀ। ਦਾਣਾ ਚੁਗਣ ਲਈ ਉਹਨਾਂ ਨੂੰ ਬਹੁਤੀ ਵਾਰ ਦੂਰ-ਦੂਰ ਜਾਣਾ ਪੈਂਦਾ ਸੀ।ਦੋਵਾਂ ਨੇ ਸਲਾਹ ਬਣਾਈ ਕਿ ਉਹ ਨੇੜੇ ਜਿਹੇ ਇੱਕ ਖੇਤ ਵਿੱਚ ਦਾਣੇ ਬੀਜਣ। ਦਾਣਿਆਂ ਤੋਂ ਬੂਟੇ ਉੱਗ ਜਾਣਗੇ, ਫਿਰ ਬੂਟਿਆਂ ਉੱਪਰ ਬਹੁਤ ਸਾਰੇ ਦਾਣੇ ਲੱਗਣਗੇ। ਚਿੜੀ ਅਤੇ ਕਾਂ ਨੂੰ ਦਾਣੇ ਲੱਭਣ ਦੂਰ ਨਹੀਂ ਜਾਣਾ ਪਵੇਗਾ।ਕਾਂ ਨੂੰ ਮੱਕੀ ਦੇ ਦਾਣੇ ਚੰਗੇ ਲੱਗਦੇ ਸਨ ਤੇ ਚਿੜੀ ਨੂੰ ਵੀ ਮੱਕੀ ਦੇ ਪੀਲੇ-ਪੀਲੇ ਦਾਣੇ ਬੜੇ ਪਸੰਦ ਸਨ। ਦੋਹਾਂ ਨੇ ਖੇਤ ਵਿੱਚ ਮੱਕੀ ਬੀਜਣ ਦਾ ਫੈਸਲਾ ਕੀਤਾ।ਚਿੜੀ ਬੜੀ ਮਿਹਨਤੀ ਸੀ ਪਰ ਕਾਂ ਚਿੜੀ ਵਾਂਗ ਮਿਹਨਤੀ ਨਹੀਂ ਸੀ। ਉਸ ਨੂੰ ਕੰਮ ਕਰਨਾ ਚੰਗਾ ਨਹੀਂ ਸੀ ਲੱਗਦਾ। ਉਹ ਹਰ ਵੇਲੇ ਇੱਧਰ ਉੱਧਰ ਠੁਮਕ-ਠੁਮਕ ਕਰਦਾ ਘੁੰਮਦਾ ਫਿਰਦਾ ਰਹਿੰਦਾ। ਕਾਂ-ਕਾਂ ਦੇ ਗੀਤ ਗਾਉਂਦਾ ਕਦੇ ਇੱਕ ਟਾਹਣੀ ਉੱਪਰ ਤੇ ਕਦੇ ਉੱਡ ਕੇ ਦੂਸਰੀ ਟਾਹਣੀ ਉੱਪਰ ਜਾ ਬਹਿੰਦਾ।ਇੱਕ ਦਿਨ ਬੜਾ ਮੀਂਹ ਪਿਆ। ਚਿੜੀ ਕਾਂ ਕੋਲ ਗਈ ਤੇ ਕਹਿਣ ਲੱਗੀ, "ਕਾਵਾਂ-ਕਾਵਾਂ, ਮੀਹਂ ਪੈਣ ਨਾਲ ਮਿੱਟੀ ਨਰਮ ਹੋ ਗਈ ਹੈ, ਚੱਲ ਆਪਾਂ ਵੀ ਆਪਣਾ ਖੇਤ ਵਾਹ ਆਈਏ।"ਪਰ ਕਾਂ ਤਾਂ ਮੀਂਹ ਪੈਣ ਤੋਂ ਬਾਅਦ ਬੜਾ ਖੁਸ਼ ਸੀ, ਉਹ ਤਾਂ ਉੱਡਣਾ ਚਾਹੁੰਦਾ ਸੀ। ਦੂਸਰੇ ਕਾਵਾਂ ਨਾਲ ਮਿਲ ਕੇ ਕਾਂ-ਕਾਂ ਦੇ ਗੀਤ ਗਾਉਣਾ ਚਾਹੁੰਦਾ ਸੀ। ਪਰ ਉਹ ਚਿੜੀ ਨੂੰ ਨਾਂਹ ਨਹੀ ਸੀ ਕਰ ਸਕਦਾ। ਇਸ ਲਈ ਉਸ ਨੇ ਕਿਹਾ - "ਮੈਂ ਤਾਂ ਹਾਲੇ ਨਹਾਉਣਾ ਹੈ। ਮੇਰੀ ਚੁੰਝ ਬੜੀ ਗੰਦੀ ਹੈ। ਤੂੰ ਚੱਲ ਤੇ ਮੈਂ ਬੱਸ ਆਇਆ।""ਚੱਲ ਚਿੜੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂਠੁਮਕ-ਠੁਮਕ ਕਰਦਾ, ਆਉਣਾ ਐਂ।"ਚਿੜੀ ਇਹ ਸੁਣ ਕੇ ਆਪਣੇ ਖੇਤਾਂ ਵੱਲ ਉੱਡ ਪਈ।ਉਸ ਨੇ ਥੋੜੀ ਦੇਰ ਤਾਂ ਕਾਂ ਦੀ ਉੜੀਕ ਕੀਤੀ ਪਰ ਕਾਂ ਨਾ ਆਇਆ ਤਾਂ ਉਸ ਨੇ ਆਪਣੀ ਚੁੰਝ ਨਾਲ ਮਿੱਟੀ ਪੁੱਟ ਕੇ ਹੌਲੀ-ਹੌਲੀ ਖੇਤ ਤਿਆਰ ਕਰ ਲਿਆ। ਕੁਝ ਦਿਨਾਂ ਬਾਅਦ ਫਿਰ ਮੀਂਹ ਪੈ ਗਿਆ। ਚਿੜੀ ਨੇ ਫਿਰ ਕਾਂ ਨੂੰ ਕਿਹਾ- "ਕਾਵਾਂ-ਕਾਵਾਂ ਆ ਆਪਾਂ ਮੱਕੀ ਬੀਜ ਦੇਈਏ। ਹੁਣ ਦਾਣੇ ਬੀਜਣ ਦਾ ਵੇਲਾ ਹੈ।"ਕਾਂ ਨੇ ਫਿਰ ਕਿਹਾ –"ਚੱਲ ਚਿੜੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂਠੁਮਕ-ਠੁਮਕ ਕਰਦਾ, ਆਉਣਾ ਐਂ।" ਚਿੜੀ ਨੇ ਇੱਕਲੇ ਹੀ ਖੇਤ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੀ ਨਿੱਕੀ ਜਿਹੀ ਚੁੰਝ ਨਾਲ ਇੱਕ-ਇੱਕ ਕਰ ਕੇ ਮੱਕੀ ਦੇ ਦਾਣੇ ਮਿੱਟੀ ਵਿੱਚ ਬੀਜ ਦਿੱਤੇ। ਫਿਰ ਮੀਂਹ ਪਿਆ ਤਾਂ ਖੇਤਾਂ ਨੂੰ ਪਾਣੀ ਮਿਲ ਗਿਆ। ਧੁੱਪ ਚਮਕੀ ਤਾਂ ਸਾਰੇ ਖੇਤਾਂ ਵਿੱਚ ਨਿੱਕੇ ਨਿੱਕੇ ਬੂਟੇ ਉੱਗ ਆਏ। ਚਿੜੀ ਕਦੇ ਆਪਣੇ ਖੇਤ ਦੀ ਸਫਾਈ ਕਰਦੀ, ਕਦੇ ਬੂਟਿਆਂ ਨੂੰ ਪਾਣੀ ਦਿੰਦੀ। ਪਰ ਕਾਂ ਕਦੇ ਵੀ ਖੇਤ ਵਿੱਚ ਨਾਂ ਆਉਂਦਾ। ਥੋੜੇ ਦਿਨਾਂ ਬਾਅਦ ਬੂਟਿਆਂ ਉੱਪਰ ਛੱਲੀਆਂ ਲੱਗ ਗਈਆਂ। ਛੱਲੀਆਂ ਉੱਪਰ ਪੀਲੇ-ਪਾਲੇ ਦਾਣੇ ਲੱਗ ਗਏ। ਹੁਣ ਦਾਣੇ ਪੱਕ ਗਏ ਅਤੇ ਛੱਲੀਆਂ ਤੋੜਣ ਦਾ ਵੇਲਾ ਆ ਗਿਆ। ਚਿੜੀ ਕਾਂ ਕੋਲ ਗਈ ਅਤੇ ਉਸ ਨੂੰ ਕਿਹਾ – "ਆ ਕਾਵਾਂ ਆਪਾਂ ਫਸਲ ਇਕੱਠੀ ਕਰ ਲਈਏ।" ਪਰ ਕਾਂ ਨੇ ਫਿਰ ਕਿਹਾ -"ਚੱਲ ਚਿੜੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂਠੁਮਕ-ਠੁਮਕ ਕਰਦਾ, ਆਉਣਾ ਐਂ।"ਚਿੜੀ ਖੇਤ ਜਾ ਪਹੁੰਚੀ ਪਰ ਕਾਂ ਨਾ ਆਇਆ। ਚਿੜੀ ਨੇ ਇਕੱਲਿਆਂ ਹੀ ਬੜੀ ਮਿਹਨਤ ਨਾਲ ਫਸਲ ਕੱਟੀ। ਫਿਰ ਇੱਕ-ਇੱਕ ਕਰ ਕੇ ਦਾਣੇ ਛੱਲੀਆਂ ਤੋਂ ਵੱਖ ਕੀਤੇ। ਖੇਤ ਵਿੱਚ ਦੋ ਢੇਰੀਆਂ ਲੱਗ ਗਈਆਂ। ਇੱਕ ਛੋਟੀ ਢੇਰੀ ਦਾਣਿਆਂ ਦੀ ਤੇ ਦੂਸਰੀ ਵੱਡੀ ਢੇਰੀ ਮੱਕੀ ਦੇ ਗੁੱਲਾਂ ਦੀ। ਚਿੜੀ ਨੇ ਇਹ ਕੰਮ ਮੁਕਾਇਆ ਹੀ ਸੀ ਕਿ ਕਾਂ ਵੀ ਉੱਥੇ ਪਹੁੰਚ ਗਿਆ।ਕਾਂ ਬੜਾ ਚਲਾਕ ਸੀ। ਉਸ ਨੇ ਕਿਹਾ – "ਚਿੜੀਏ-ਚਿੜੀਏ ਆਪਣੀ ਫਸਲ ਤਾਂ ਚੰਗੀ ਹੋ ਗਈ ਹੈ। ਤੂੰ ਕੰਮ ਵੀ ਮੇਰੇ ਨਾਲੋਂ ਜਿਆਦਾ ਕੀਤਾ ਹੈ। ਇੰਜ ਕਰ, ਇਹ ਵੱਡੀ ਢੇਰੀ ਤੂੰ ਰੱਖ ਲੈ ਤੇ ਇਹ ਦਾਣਿਆਂ ਦੀ ਛੋਟੀ ਢੇਰੀ ਮੈਂ ਰੱਖ ਲੈਂਦਾ ਹਾਂ" ਉਹ ਦਾਣਿਆਂ ਦੀ ਛੋਟੀ ਜਿਹੀ ਢੇਰੀ ਉੱਪਰ ਜਾ ਕੇ ਬੈਠ ਗਿਆ। ਚਿੜੀ ਨੇ ਕਿਹਾ ਕਿ ਆਪਾਂ ਦੋਵੇਂ ਢੇਰੀਆਂ ਇੱਕੋ ਜਿਹੀਆਂ ਵੰਡ ਲੈਂਦੇ ਹਾਂ। ਪਰ ਕਾਂ ਨੇ ਇੱਕ ਨਾ ਮੰਨੀ। ਉਹ ਤਾਂ ਲੜਣ ਲਈ ਤਿਆਰ ਹੋ ਗਿਆ। ਚਿੜੀ ਵਿਚਾਰੀ ਇੱਕ ਪਾਸੇ ਹੋ ਕੇ ਬੈਠ ਗਈ। ਉਦੋਂ ਹੀ ਜ਼ੋਰਦਾਰ ਮੀਂਹ ਪੈਣ ਲੱਗ ਗਿਆ। ਥੋੜੀ ਦੇਰ ਬਾਅਦ ਗੜੇ ਵੀ ਪੈਣ ਲੱਗ ਪਏ। ਚਿੜੀ ਭੱਜ ਕੇ ਗੁੱਲਾਂ ਦੇ ਢੇਰ ਵਿੱਚ ਲੁਕ ਕੇ ਬੈਠ ਗਈ ਪਰ ਕਾਂ ਉਸੇ ਤਰ੍ਹਾਂ ਦਾਣਿਆਂ ਉੱਪਰ ਆਕੜ ਕੇ ਬੈਠਾ ਰਿਹਾ।ਜਦੋਂ ਮੀਂਹ ਰੁਕਿਆ ਤਾਂ ਚਿੜੀ ਨੇ ਦੇਖਿਆ ਕਿ ਕਾਂ ਤਾਂ ਮਰਿਆ ਪਿਆ ਹੈ। ਉਹ ਗੜੇ ਵੱਜਣ ਨਾਲ ਹੀ ਮਰ ਗਿਆ ਤੇ ਚਿੜੀ ਜੋ ਗੁੱਲਾਂ ਦੇ ਢੇਰ ਵਿੱਚ ਲੁਕ ਕੇ ਬੈਠ ਗਈ ਸੀ, ਬਚ ਗਈ। ਇਸ ਤਰ੍ਹਾਂ ਚਿੜੀ ਦੀ ਮਿਹਨਤ ਦਾ ਫਲ ਉਸ ਨੂੰ ਮਿਲ ਗਿਆ।
April 17, 2020

ਬੁਲਬੁਲ ਅਤੇ ਅਮਰੂਦ Punjabi Kids Story

ਸਦੀਆਂ ਬੀਤ ਗਈਆਂ ਨੇ ਜਦੋਂ ਦੀ ਗੱਲ ਮੈਂ ਤੁਹਾਨੂੰ ਸੁਣਾ ਰਿਹਾ ਹਾਂ । ਬੁਲਬੁਲ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ । ਉਹ ਖਾਣਾ ਭਾਲਦੀ-ਭਾਲਦੀ ਅਮਰੂਦ ਦੇ ਬੂਟੇ ਤੇ ਆ ਬੈਠੀ ਤੇ ਲੱਗੀ ਕੱਚੇ ਅਮਰੂਦਾਂ 'ਤੇ ਠੂੰਗੇ ਮਾਰਨ । ਜਿੰਨੇ ਅਮਰੂਦ ਉਹਨੇ ਖਾਧੇ ਉਸ ਤੋਂ ਕਿਤੇ ਵੱਧ ਬਰਬਾਦ ਕਰ ਕੇ ਹੇਠਾਂ ਸੁੱਟ ਦਿੱਤੇ । ਅਮਰੂਦ ਦੇ ਬੂਟੇ ਕੋਲੋਂ ਇਹ ਬਰਬਾਦੀ ਸਹਾਰੀ ਨਾ ਗਈ । ਉਹਨੇ ਬੁਲਬੁਲ ਨੂੰ ਕਿਹਾ, "ਬੁਲਬੁਲੇ ! ਤੇਰੇ ਤੇ ਤੋਤੇ ਵਿੱਚ ਕੋਈ ਫ਼ਰਕ ਹੈ ? ਉਹ ਵੀ ਖਾਂਦਾ ਘੱਟ ਏ ਤੇ ਬਰਬਾਦ ਵੱਧ ਕਰਦਾ ਏ ਤੇ ਤੂੰ ਵੀ ਓਹੋ ਕੁਝ ਕਰਦੀ ਏਂ ।"ਬੁਲਬੁਲ ਖਿਝ ਕੇ ਬੋਲੀ, "ਤੂੰ ਕਿੱਡਾ ਮੂਰਖ ਏਂ, ਮੈਨੂੰ ਤੋਤੇ ਨਾਲ ਰਲਾ ਦਿੱਤਾ । ਉਹ ਕਿੱਥੇ ਮੈਂ ਕਿੱਥੇ !"ਅਮਰੂਦ ਦੇ ਬੂਟੇ ਨੇ ਪੁੱਛਿਆ, "ਉਹ ਕਿਸ ਤਰ੍ਹਾਂ ?""ਮੈਂ ਫਲ ਤਾਂ ਪੇਟ ਭਰਨ ਲਈ ਖਾਣੇ ਹੀ ਹੋਏ, ਪਰ ਨਾਲ ਤੁਹਾਨੂੰ ਮਿੱਠੇ-ਮਿੱਠੇ ਗੀਤ ਵੀ ਤਾਂ ਸੁਣਾਉਂਦੀ ਹਾਂ," ਬੁਲਬੁਲ ਬੋਲੀ ।ਅਮਰੂਦ ਦੇ ਬੂਟੇ ਨੇ ਕੁੱਝ ਚਿਰ ਸੋਚਿਆ ਤੇ ਕਹਿਣ ਲੱਗਾ, "ਤੇਰੀ ਗੱਲ ਤਾਂ ਠੀਕ ਏ, ਪਰ ਜੇ ਤੂੰ ਕੇਵਲ ਪੱਕਿਆ ਫਲ ਹੀ ਖਾਏਂ ਤਾਂ ਇਹ ਤੇਰੇ ਲਈ ਵੀ ਸੌਖਾ ਏ ਤੇ ਮੈਨੂੰ ਵੀ ਦਰਦ ਘੱਟ ਤੋਂ ਘੱਟ ਹੋਵੇਗਾ, ਕਿਉਂ ਜੁ ਪੱਕੇ ਫਲਾਂ ਨੇ ਤਾਂ ਝੜਨਾ ਹੀ ਹੋਇਆ ।"ਬੁਲਬੁਲ ਨੂੰ ਇਹ ਗੱਲ ਜਚ ਗਈ ਤੇ ਉਹ ਖੁਸ਼ੀ-ਖੁਸ਼ੀ ਮੰਨ ਗਈ । ਉਸ ਤੋਂ ਬਾਅਦ ਉਹ ਪੱਕੇ ਫਲ ਹੀ ਖਾਣ ਲੱਗੀ ਤੇ ਜਦੋਂ ਉਹ ਰੱਜ ਜਾਂਦੀ ਫੇਰ ਇੱਕ ਵੀ ਠੂੰਗਾ ਫਲ ਤੇ ਨਾ ਮਾਰਦੀ ।ਅਮਰੂਦ ਦੇ ਬੂਟੇ ਨੇ ਇੱਕ ਦਿਨ ਸਵੇਰੇ-ਸਵੇਰੇ ਹਵਾ ਨਾਲ ਝੂਮਦੇ ਹੋਏ, ਸਾਰੀ ਗੱਲ ਕੋਲ ਖੜੋਤੇ ਅਨਾਰ ਦੇ ਬੂਟੇ ਨੂੰ ਦੱਸੀ ।ਦੋਵੇਂ ਗੱਲਾਂ ਕਰ ਹੀ ਰਹੇ ਸਨ ਕਿ ਏਨੇ ਨੂੰ ਇੱਕ ਮੁੰਡਾ ਉੱਥੇ ਆਇਆ ਤੇ ਡੰਡੇ ਨਾਲ ਅਮਰੂਦ ਝਾੜਨ ਲੱਗਾ । ਉਸਨੇ ਕੱਚੇ, ਅੱਧ-ਪੱਕੇ ਅਤੇ ਪੱਕੇ ਕਿੰਨੇ ਹੀ ਅਮਰੂਦ ਝਾੜ ਲਏ । ਫਿਰ ਉਨ੍ਹਾਂ ਵਿੱਚੋਂ ਉਸਨੇ ਜਿਹੜੇ ਚੰਗੇ ਲੱਗੇ ਚੁੱਕ ਲਏ ਤੇ ਬਾਕੀ ਦੇ ਉੱਥੇ ਹੀ ਪਏ ਰਹਿਣ ਦਿੱਤੇ ਅਤੇ ਆਪਣਾ ਕੰਮ ਕਰਕੇ ਉੱਥੋਂ ਚਲਾ ਗਿਆ ।ਉਸ ਮੁੰਡੇ ਦੇ ਜਾਣ ਤੋਂ ਬਾਅਦ ਅਨਾਰ ਦਾ ਬੂਟਾ ਬੜੇ ਦੁਖੀ ਮਨ ਨਾਲ ਬੋਲਿਆ, "ਅਮਰੂਦ ਯਾਰ ਗੱਲ ਤਾਂ ਤੇਰੀ ਠੀਕ ਏ, ਪਰ ਆਹ ਬੰਦਾ ਪਤਾ ਨਹੀਂ ਕਦੋਂ ਇਹ ਗੱਲ ਸਮਝੇਗਾ ।" ਅਨਾਰ ਦੀ ਇਹ ਗੱਲ ਕੋਲ ਖੜ੍ਹੇ ਹੋਰ ਬੂਟਿਆਂ ਨੂੰ ਅਤੇ ਉਨ੍ਹਾਂ ਉੱਤੇ ਬੈਠੇ ਪੰਛੀਆਂ ਨੂੰ ਸੋਚੀਂ ਪਾ ਗਈ ।
April 17, 2020

ਹਸੂਏ-ਖੁਸ਼ੀਏ ਦਾ ਘੋਲ

ਬੜੇ ਚਿਰਾਂ ਦੀ ਗੱਲ ਏ ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ । ਜੋ ਉਮਰੋਂ, ਕੱਦ-ਕਾਠੋਂ ਤੇ ਸੁਭਾਅ ਵੱਲੋਂ ਇੱਕ-ਦੂਜੇ ਨਾਲ ਮਿਲਦੇ-ਜੁਲਦੇ ਸਨ ।ਉਹ ਸਦਾ ਇਕੱਠੇ ਹੀ ਰਹਿੰਦੇ ਤੇ ਇਕੱਲ ਉਨ੍ਹਾਂ ਨੂੰ ਉਦਾਸ ਕਰ ਦਿੰਦੀ ਸੀ । ਜ਼ਿੰਦਗੀ ਵਿੱਚ ਕਿੰਨੇ ਹੀ ਦੁੱਖ-ਤਕਲੀਫ਼ ਆਏ, ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਰੱਖਿਆ ।ਉਨ੍ਹਾਂ ਦੇ ਨਾਂ ਖੁਸ਼ੀਆ ਤੇ ਹਸੂਆ ਸਨ । ਉਨ੍ਹਾਂ ਦੇ ਕਈ ਕਿੱਸੇ-ਕਹਾਣੀਆਂ ਲੋਕਾਂ ਵਿਚ ਬਹੁਤ ਮਸ਼ਹੂਰ ਹਨ ।ਸਿਆਣੇ ਬਜ਼ੁਰਗ ਦੱਸਦੇ ਹਨ ਕਿ ਦੋਵਾਂ ਦੇ ਮਨ ਵਿੱਚ ਇਕ ਵਾਰੀ ਫੁਰਨਾ ਫੁਰਿਆ ਕਿ ਬਾਹਰ ਜਾ ਕੇ ਕਿਉਂ ਨਾ ਦੁਨੀਆਂ ਵੇਖੀ ਜਾਵੇ ।ਉਨ੍ਹਾਂ ਨੇ ਬਹੁਤ ਸ਼ਹਿਰਾਂ, ਪਿੰਡਾਂ ਤੇ ਕਸਬਿਆ ਦੀ ਸੈਰ ਕੀਤੀ ।ਇੱਕ ਵਾਰ ਫਿਰਦੇ ਫਿਰਾਂਦੇ ਉਹ ਇਕ ਪਿੰਡ ਦੀ ਸੱਥ ਵਿੱਚ ਪੁੱਜ ਗਏ ।ਸੱਥ ਦੇ ਵਿਚ ਬੜਾ ਭਾਰੀ ਇਕੱਠ ਹੋਇਆ ਹੋਇਆ ਸੀ । ਉਨ੍ਹਾਂ ਨੇ ਸੋਚਿਆ, 'ਕਾਹਦਾ ਇਕੱਠ ਏ ? ਆਪਾਂ ਵੀ ਵੇਖੀਏ ।' ਅੱਗੇ ਅਖਾੜਾ ਪੁੱਟਿਆ ਹੋਇਆ ਸੀ ਤੇ ਘੋਲ ਦੀ ਤਿਆਰੀ ਹੋ ਰਹੀ ਸੀ । ਐਨੇ ਲੋਕੀਂ ਬਾਘੇ ਤੇ ਸ਼ੇਰੇ ਦਾ ਘੋਲ ਵੇਖਣ ਲਈ ਆਏ ਹੋਏ ਸਨ ।ਦੋਵਾਂ ਦਾ ਘੋਲ ਸ਼ੁਰੂ ਹੋ ਗਿਆ, ਦੋਵੇਂ ਭਲਵਾਨ ਭਾਰੇ ਸਨ । ਭੀੜ ਵਿਚੋਂ ਵੀ ਕਈ ਲੋਕੀ ਲਲਕਾਰੇ ਮਾਰਨ ਲੱਗ ਪਏ ਸਨ । ਜਦੋਂ ਕੋਈ ਦਾਉ ਵਿਖਾਉਂਦਾ, ਭੀੜ ਵਿਚੋਂ ਕੋਈ ਨਾ ਕੋਈ ਤਾੜੀ ਮਾਰ ਦਿੰਦਾ ਤੇ ਬੱਸ ਫੇਰ ਕੀ ਸੀ, ਉਸਦੇ ਪਿੱਛੇ ਤਾੜੀਆਂ ਦਾ ਮੀਂਹ ਬਰਸਣ ਲੱਗ ਪੈਂਦਾ ।ਜਦੋਂ ਉਹ ਇਕ ਦੂਜੇ ਦਾ ਦਾਉ ਬਚਾਉਂਦੇ ਤਾਂ ਵੀ ਰੌਲਾ ਪੈਂਦਾ ।ਬੜਾ ਚਿਰ ਘੋਲ ਇਵੇਂ ਚਲਦਾ ਰਿਹਾ, ਇਉਂ ਲੱਗਦਾ ਸੀ ਕਿ ਦੋਵਾਂ ਵਿੱਚੋਂ ਕੋਈ ਵੀ ਨਹੀਂ ਢਹੇਗਾ । ਬੜੀ ਜ਼ੋਰ ਅਜਮਾਈ ਪਿੱਛੋਂ ਸ਼ੇਰੇ ਨੂੰ ਬਾਘੇ ਨੇ ਢਾਹ ਹੀ ਲਿਆ ।ਲੋਕਾਂ ਨੇ ਰੌਲਾ ਪਾ ਪਾ ਕੇ ਆਕਾਸ਼ ਗੂੰਜਣ ਲਾ ਦਿੱਤਾ ।ਬਾਘਾ ਖੁਸ਼ੀ ਵਿਚ ਥਾਪੀਆਂ ਮਾਰਨ ਲੱਗਾ । ਲੋਕਾਂ ਨੇ ਉਸਨੂੰ ਮੋਢਿਆਂ ਤੇ ਚੁੱਕ ਲਿਆ ।ਸ਼ੇਰਾ ਉਦਾਸ ਹੋ ਕੇ ਇੱਕ ਪਾਸੇ ਜਾ ਬੈਠਾ, ਤੇ ਸੋਚਣ ਲੱਗਾ 'ਕਸਰ ਤਾਂ ਮੈਂ ਵੀ ਕੋਈ ਨਹੀਂ ਛੱਡੀ' । ਉਸ ਦਾ ਕਿਸੇ ਨੂੰ ਵੀ ਕੋਈ ਖ਼ਿਆਲ ਤੱਕ ਨਹੀਂ ਸੀ ।ਹਸੂਆ ਉੱਠਿਆ ਤੇ ਜੋ ਬੰਦਾ ਪਿੰਡ ਦਾ ਮੋਹਰੀ ਸੀ, ਉਸ ਕੋਲ ਪੁੱਜਿਆ ।ਉਸਨੇ ਪੁੱਛਿਆ, "ਮੈਂ ਤੇ ਮੇਰਾ ਸਾਥੀ ਜੇ ਤੁਹਾਨੂੰ ਘੋਲ ਵਿਖਾਈਏ, ਤੁਹਾਨੂੰ ਕੋਈ ਇਤਰਾਜ ਤਾਂ ਨਹੀ ?"ਪਿੰਡ ਦਾ ਮੋਹਰੀ ਥੋੜ੍ਹਾ ਜਿਹਾ ਮੁਸਕੁਰਾਇਆ ਤੇ ਬੋਲਿਆ, 'ਨਹੀਂ, ਸਾਨੂੰ ਕੋਈ ਇਤਰਾਜ ਨਹੀਂ।'ਲੰਗੋਟ ਬੰਨ੍ਹ ਕੇ ਖੁਸ਼ੀਆ ਤੇ ਹਸੂਆ ਅਖਾੜੇ ਵਿੱਚ ਆ ਗਏ ।ਕਾਫ਼ੀ ਦੇਰ ਆਪੋ ਵਿਚ ਦੋਵਾਂ ਨੇ ਕਮਾਲ ਦੇ ਹੱਥ ਵਿਖਾਏ ।ਲੋਕ ਉਨ੍ਹਾਂ ਦੇ ਦਾਉ-ਪੇਚਾਂ 'ਤੇ ਤਾੜੀਆਂ ਵਜਾਉਂਦੇ ਰਹੇ । ਬਾਘਾ ਤੇ ਸ਼ੇਰਾ ਵੀ ਦੋਵੇਂ ਘੋਲ ਦਾ ਅਨੰਦ ਮਾਣ ਰਹੇ ਸਨ । ਹਰ ਕੋਈ ਘੋਲ ਵੇਖਣ ਲਈ ਇਕ ਦੂਜੇ ਤੋਂ ਅੱਗੇ ਖਲੋਣ ਦੀ ਕੋਸ਼ਿਸ਼ ਕਰਨ ਲੱਗਾ । ਇਉਂ ਜਾਪਦਾ ਸੀ ਜਿਵੇਂ ਦੋਵਾਂ ਨੇ ਰਲਕੇ ਮੇਲਾ ਲੁੱਟ ਲਿਆ ਹੋਵੇ ।ਅਖ਼ੀਰ ਨੂੰ ਖੁਸ਼ੀਏ ਨੇ ਹਸੂਏ ਨੂੰ ਢਾਹ ਲਿਆ ।ਲੋਕੀਂ ਇਕ ਦੂਜੇ ਤੋਂ ਵਧ ਵਧ ਕੇ ਰੌਲਾ ਪਾਉਣ ਲੱਗੇ । ਹਸੂਆ ਵੀ ਖੁਸ਼ੀ ਵਿੱਚ ਨੱਚਣ ਲੱਗਾ । ਸ਼ੇਰਾ ਤੇ ਬਾਘਾ ਉਸ ਵੱਲ ਬਿਟ ਬਿਟ ਵੇਖਣ ਲੱਗੇ, ਦੋਵਾਂ ਦੇ ਮੂੰਹਾਂ ਤੇ ਹੈਰਾਨਗੀ ਸਾਫ਼ ਝਲਕ ਰਹੀ ਸੀ ।

Thursday, 16 April 2020

April 16, 2020

ਸੱਚਾ ਰਿਸ਼ਤਾ True RelationShip Punjabi Story




ਸੱਚਾ ਰਿਸ਼ਤਾਪਾਤਰ ਦੋ ਸਹੇਲੀਆਂ (ਸੰਦੀਪ ਤੇ ਪ੍ਰੀਤ )ਸੰਦੀਪ ਤੁਹਾਡਾ ਫੋਨ ਰਿੰਗ ਕਰ ਰਿਹਾ। ਤੁਸੀ ਚੁੱਕਦੇ ਕਿਉ ਨਹੀ ।ਹਾਜੀ ਜਸਵੀਰ ਦੇਖਿਉ ਕਿਸ ਦੀ ਕਾਲ ਏ। ਮੈ ਬੱਚਿਆ ਨੂੰ ਤਿਆਰ ਕਰ ਲਵਾ ਸਕੂਲ ਦੀ ਬੱਸ ਆਉਣ ਵਾਲੀ ਤੁਸੀ ਵੀ ਡਿਊਟੀ ਜਾਣਾ ਫੇਰ ਇੰਝ ਤੇ ਦੇਰ ਹੋ ਜਾਵੇਗੀ ਬਾਅਦ ਵਿਚ ਕਾਲ ਦੇਖਣੀ ਹਾ। ਲਉ ਅੱਜ ਸਵੇਰੇ ਸਾਡੀ ਸਾਲੀ ਨੂੰ ਕਿਵੇ ਯਾਦ ਆਈ ਫੋਨ ਤੇ ਫੋਨ ਕਰੀ ਜਾ ਰਹੇ । ਸੰਦੀਪ ਤੁਹਾਡੀ ਦੋਸਤ ਪ੍ਰੀਤ ਆ ਜਿਹਨਾ ਸਾਡੇ ਵਿਆਹ ਨੂੰ ਮੇਰੀਆਂ ਜੁੱਤੀਆਂ ਚੁੱਕ ਲੁਕਾ ਦਿਤੀਆ ਸੀ ।ਖੈਰ ਚਲੋ ਵਿਹਲੀ ਹੋ ਦੇਖਦੀ ਹਾ। ਪਤੀ ਤੇ ਬਚਿਆ ਨੂੰ ਤੌਰ ਸੰਦੀਪ ਸੋਚਦੀ ਇੰਨੀ ਕਿਹੜੀ ਜਰੂਰੀ ਗਲ ਹੋਈ ਪ੍ਰੀਤ ਸਵੇਰੇ ਹੀ ਫੋਨ ਕਰੀ ਜਾ ਰਹੀ। ਜਰੂਰ ਕੋਈ ਮਸਲਾ ਗੰਭੀਰ ਹੋਣਾ ਖੈਰ ਪੁੱਛਦੀ ਹਾ। ਦੋਨੋ ਸਹੇਲੀਆ ਹਾਲ ਚਾਲ ਦਸਦੀਆ ਪੁੱਛਦੀਆ ਤੇ ਇਕ ਦੂਜੀ ਨਾਲ ਭੈਣਾ ਜਿਹਾਰਿਸ਼ਤਾ ਹੋਣ ਕਾਰਨ ਹਰ ਗੁਪਤ ਪਰਿਵਾਰਕ ਦੁਨੀਆਵੀ ਗਲ ਸਾਂਝੀ ਕਰ ਲੈਂਦੀਆ । ਉਝ ਪ੍ਰੀਤ ਦੀ ਲਵ ਮੈਰਿਜ ਹੋਈ ਤੇ ਚਾਰ ਸਾਲ ਦਾ ਜਵਾਕ ਵੀ ਹੁਣੇ ਸਕੂਲ ਜਾਣ ਲੱਗਿਆ । ਦੋਨੋ ਮੀਆਂ ਬੀਬੀ ਇਕ ਦੂਜੇ ਨੂੰ ਵਧੇਰੇ ਪਿਆਰ ਕਰਦੇ ਤੇ ਖੁਸ਼ੀ ਖੁਸ਼ੀ ਜਿੰਦਗੀ ਦਾ ਆਨੰਦ ਮਾਣਦੇ ਨੇ ।ਸੰਦੀਪ ਤੂੰ ਹੁਣ ਇਕੱਲੀ ਏ । ਮੈ ਤੇ ਇਕੱਲੀ ਹੁਣੇ ਤੇਰੇ ਜੀਜੇ ਨੂੰ ਤੌਰ ਪਈ ਹਾ। ਮੈ ਤੈਥੋਂ ਸਲਾਹ ਲੈਣੀ ਸੀ। ਹਾ ਦਸ ਪ੍ਰੀਤੋ ਕਿਹੜੀ ਸਲਾਹ ਮਾਰਨੀ ਕਿੱਧਰੇ ਮੀਆਂ ਬੀਬੀ ਬਾਹਰ ਹਿਲ ਸਟੇਸ਼ਨ ਜਾਣ ਦੀਆ ਤਿਆਰੀਆਂ ਤੇ ਨਹੀ ਕਰੀ ਬੈਠੇ। ਉਹ ਨਾ ਨਾ ਸੁਣ ਮੇਰੇ ਨਾਲ ਇਕ ਫੇਸਬੁਕ ਤੇ ਜਤਿੰਦਰ ਨਾਮ ਦਾ ਬੰਦਾ ਗੱਲ ਕਰਦਾ । ਵੜਾ ਚੰਗਾ ਭਲਾ ਇਨਸਾਨ ਜਾਪਦਾ ਹਮੇਸ਼ਾ ਸਤਿਕਾਰ ਨਾਲ ਬੋਲਦਾ ਤੇ ਇੰਝ ਹੀ ਸਾਡੀ ਦੋਸਤੀ ਵਧਿਆ ਹੋ ਗਈ । ਮੇਰੀ ਬਾਹਲੀ ਫਿਕਰ ਕਰਦਾ ਮੈਨੂੰ ਵੀ ਆਦਤ ਹੋ ਗਈ ਅਸਾਂ ਸਾਰਾ ਦਿਨ ਮੈਸੇਜ ਵੀਡਿਉ ਕਾਲ ਕਰਦੇ ਰਹਿੰਦੇ ਹਾ। ਪ੍ਰੀਤ ਤੇਰਾ ਦਿਮਾਗ ਸਹੀ ਜੇ । ਤੂੰ ਵਿਆਹੀ ਹੋਈ ਬੱਚੇ ਦੀ ਮਾਂ ਉਪਰੋਂ ਭਾਜੀ ਤੈਨੂੰ ਕਿੰਨਾ ਕਰਦਾ। ਤੁਹਾਡੀ ਆਪਣੀ ਲਵ ਮੈਰਿਜ ਹੋਈ । ਐਵੇਂ ਨਾ ਆਪਦਾ ਸੁੱਖੀ ਵੱਸਦਾ ਘਰ ਖਰਾਬ ਕਰਨ ਤੇ ਤੁਲੀ ਚਲ ।ਸੰਦੀਪ ਸੁਣ ਤੇ ਸਹੀ ਜਤਿੰਦਰ ਵਿਆਹੀਆਂ ਹੋਇਆ । ਹੋਰ ਤੇ ਹੋਰ ਉਸਦੀ ਵੀ ਲਵ ਮੈਰਿਜ ਹੋਈ । ਦੋ ਜਵਾਕ ਨੌਕਰੀ ਪੇਸ਼ੇ ਵਾਲਾ ਵਧਿਆ ਕਲਾਸ ਏ । ਕੋਈ ਐਵੇਂ ਐਰਾ ਗੈਰਾ ਰਾਹ ਤੁਰਿਆ ਥੋੜੀ ਮੈ ਦੋਸਤ ਬਣਾ ਲੈਣਾ ।ਮੈਨੂੰ ਮਿਲਿਆ ਫੇਸਬੁਕ ਤੇ ਆ ਪਰ ਪੂਰੀ ਜਾਣਕਾਰੀ ਕੱਢੀ ਮੈ ਬਾਹਲਾ ਚੰਗਾ ਮੁੰਡਾ ਕੋਈ ਨਸ਼ਾ ਐਬ ਨਹੀ ਉਝ ਵੀ ਸੁਭਾਅ ਦਾ ਮਿੱਠਾ ਆ। ਦੇਖ ਤੈਨੂੰ ਫੋਟੋ ਭੇਜੀ ਕਿੰਨਾ ਸੋਹਣਾ ਲੱਗਦਾ ਹਣਾ ।ਪ੍ਰੀਤ ਤੇਰੀ ਗਲ ਤੇ ਸਹੀ ਜੇ ਸੋਹਣਾ ਤਾ ਬਾਹਲਾ । ਪਰ ਹੁਣ ਕੀ ਕਰ ਸਕਦੇ ਹਾ ਤੂੰ ਦੋਸਤੀ ਤੋ ਅੱਗੇ ਜਿਆਦਾ ਭਾਅ ਨਾ ਦੇ ਅਗਲਾ ਫੇਰ ਹੋਰ ਗਲਤ ਸਮਝ ਪਰਪੋਸ ਕਰਦਾ ਫਿਰੇਗਾ। ਸੰਦੀਪ ਹੁਣ ਤੈਥੋਂ ਕੀ ਪਰਦਾ ਉਸਦਾ ਪਰਪੋਸ ਮੈਨੂੰ ਆ ਚੁੱਕਿਆ । ਹੁਣ ਮੈਨੂੰ ਸਮਝ ਨਹੀ ਆ ਰਿਹਾ ਮੈ ਜਵਾਬ ਕਿਵੇ ਦਵਾ ਮਨਾ ਕੀਤਾ ਤੇ ਇੰਨਾ ਸੋਹਣਾ ਵਧਿਆ ਇਨਸਾਨ ਹੱਥੋ ਗੁਵਾ ਦਵਾਗੀ ਤੇ ਸਚੀ ਕਰਦਾ ਵੀ ਬਾਹਲਾ ਏ ।ਤੇਰਾ ਦਿਮਾਗ ਸਹੀ ਏ ਤੇਰੀ ਆਪਣੀ ਕੋਈ ਇੱਜਤ ਰੀੜ ਹੈ ਜਾ ਨਹੀ ਦੇਖ ਕਿਵੇ ਬੇਸ਼ਰਮ ਬਣੀ ਫਿਸਲਦੀ ਤੁਰੀ ਹੋਈ । ਭਾਜੀ ਕੋਈ ਘੱਟ ਸੋਹਣਾ ਫੇਰ ਚੰਗਾ ਸੋਹਣਾ ਤੋ ਕੀ ਭਾਵ ਤੇਰਾ ਆਪਣਾ ਰਾਂਝਾ ਤੈਨੂੰ ਵਿਆਹ ਹੋਇਆ ।ਭਾਜੀ ਨਾਲ ਤੇਰੀ ਲਵ ਮੈਰਿਜ ਹੋਈ ਤੇ ਆਹ ਜਤਿੰਦਰ ਦੀ ਆਪਣੀ ਪਤਨੀ ਨਾਲ ਲਵ ਮੈਰਿਜ ਹੋਈ ਹੈ । ਤੂੰ ਆਪਣੇ ਘਰ ਵਾਲੇ ਨੂੰ ਕਰਦੀ ਏ । ਉਹ ਆਪਣੀ ਪਤਨੀ ਨੂੰ ਕਰਦਾ ਹੈ। ਫੇਰ ਤੁਹਾਡੇ ਰਿਸ਼ਤੇ ਵੀ ਖਰਾਬ ਨਹੀ। ਤਾਵੀ ਤੁਸੀ ਕਿਉ ਆਪਣੇ ਵਸਦੇ ਘਰਾਂ ਨੂੰ ਅੱਗ ਲਗਾਉਣ ਤੇ ਤੁਰੇ ਹੋਏ ਜੇ।ਸੰਦੀਪ ਤੂੰ ਦਸ ਮੇਰਾ ਤੇ ਦਿਲ ਨਹੀ ਮੰਨਦਾ ਹੁਣ ਮਨਾ ਕਿਵੇ ਕਰਾ। ਮੈਨੂੰ ਉਸਦੀ ਆਦਤ ਜਹੀ ਹੋ ਚੁੱਕੀ । ਗਲ ਨਾ ਕਰਾ ਤੇ ਸਾਰਾ ਦਿਨ ਗੁੱਸਾ ਆਉਦਾ ਰਹਿੰਦਾ। ਘਰੇ ਵੀ ਸਭ ਨਾਲ ਲੜਾਈ ਹੋ ਜਾਦੀ ਕਈ ਵਾਰ ਤੇ ਜਵਾਕ ਤੇ ਗੁੱਸਾ ਕਢ ਦਿੰਦੀ ਹਾ।ਯਾਰ ਸੋਚਣਾ ਕਰਨਾ ਕੀ ਹੈ। ਜਿਵੇ ਆਦਤ ਪਾਈ ਹੈ। ਉਵੇਂ ਹੋਲੀ ਹੋਲੀ ਘਟਾ ਦਿਉ। ਦੇਖ ਇਹ ਕੁਵਾਰੀ ਉਮਰ ਦੀਆ ਮਾੜੀਆਂ ਆਦਤਾਂ ਦੂਜੇ ਤੀਜੇ ਕੋਈ ਹੋਰ ਮੁੰਡਾ ਹੋਰ ਕੁੜੀ ਬਦਲਣ ਵਾਲੀਆ ਖਹਿੜਾ ਕਿੱਥੇ ਛੱਡਦੀਆਂ। ਸਾਰੀ ਉਮਰ ਦਾ ਰੋਣਾ ਬਣ ਸਾਥ ਰਹਿੰਦੀਆਂ ।ਤੂੰ ਹੁਣ ਮਾਂ ਬਣ ਗਈ ਏ ਅਕਲ ਨੂੰ ਹੱਥ ਮਾਰ ਜਵਾਨੀ ਵਾਲੀਆ ਫਿਲਿਗਾ ਤੇ ਲਾਈਫ ਸਟਾਈਲ ਤੋ ਅੱਗੇ ਵੱਧ ਰੁਕਿਆ ਹੋਈਆ ਤੇ ਪਾਣੀ ਵੀ ਬੋ ਮਾਰ ਜਾਂਦਾ ।ਯਾਰ ਦੇਖ ਅਸੀ ਬਾਲ ਬਚਿਆ ਵਾਲੇ ਹੋ ਚੁਕੇ ਹਾ । ਕੋਈ ਕੁਵਾਰੇ ਥੋੜਾ ਸਾਨੂੰ ਇਹ ਸਭ ਸੋਭਾ ਨਹੀ ਦਿੰਦਾ । ਫੇਰ ਭਾਜੀ ਵਲੋ ਤੈਨੂੰ ਕੋਈ ਕਮੀ ਵੀ ਤੇ ਨਹੀ । ਤੇਰਾ ਕਿੰਨਾ ਕਰਦਾ ਤੂੰ ਖੁਦ ਵੀ ਮੰਨਦੀ ਹੈ। ਫੇਰ ਹੁਣ ਤੈਨੂੰ ਕੀ ਅੱਗ ਲਗੀ ਹੋਈ ।ਸੰਦੀਪ ਅੜੀਏ ਮੇਰਾ ਘਰ ਵਾਲਾ ਤੇ ਦੇਵਤਾ ਸੱਚੀ ਬਾਹਲਾ ਯਕੀਨ ਕਰੀ ਬੈਠਾ ਕੋਈ ਗਲ ਨਹੀ ਮੋੜਦਾ । ਉਝ ਵੀ ਕਾਸੇ ਪਾਸੋਂ ਦੁਖੀ ਨਹੀ ਹਾ। ਪਰ ਬਹਿਲੀ ਘਰੇ ਫੇਸਬੁਕ ਤੇ ਪੰਗਾ ਪਾ ਬੈਠੀ ਹਾ। ਪ੍ਰੀਤ ਦੇਖ ਤੂੰ ਬਹਿਲੀ ਰਹਿਣ ਕਰਕੇ ਆਪਣਾ ਸਮਾ ਉਸ ਦੇ ਨਾਲ ਗੁਜਾਰਨ ਲੱਗੀ ਤੇ ਅੱਗਲੇ ਤੇਰਾ ਸੁਭਾਅ ਸਮਝ ਤੈਨੂੰ ਮਿਠੀਆ ਮਾਰ ਮਾਰ ਗਲਾ ਨਾਲ ਭਰਮਾਇਆ ਹੋਈਆ ।ਕਾਹਦਾ ਪਿਆਰ ਤੁਹਾਡਾ ਪਿਆਰ ਵਾਲਿਆ ਦਾ ਹਾਲ ਦੇਖ ਮੈਨੂੰ ਤੇ ਭੋਰਾ ਯਕੀਨ ਨਾ ਰਿਹਾ ਪਿਆਰ ਵੀ ਕੋਈ ਸ਼ਹਿ ਹੁੰਦੀ ਹੈ । ਯਾਰ ਕਿੰਨੀ ਕੇ ਵਾਰ ਇਹ ਹੁੰਦਾ ਤੇ ਹਮੇਸ਼ਾ ਸੱਚਾ ਹੀ ਕਿਉ ਹੁੰਦਾ ਹੈ ।ਪ੍ਰੀਤ ਇਨਸਾਨ ਅੰਦਰ ਕਦੇ ਇਹ ਸਭ ਕਿੱਥੇ ਮੁੱਕਦਾ । ਜਦੋ ਤੱਕ ਸਰੀਰਾਂ ਵਿਚ ਸ਼ਕਤੀ ਏ ਇਸ ਪਾਸੇ ਧਿਆਨ ਤੁਰਿਆ ਰਹਿੰਦਾ । ਕਿਸੇ ਦਾ ਸੋਹਣਾ ਲੱਗਣਾ ਪਸੰਦ ਆਉਣਾ ਚੱਲਦਾ ਰਹਿੰਦਾ। ਪਰ ਭੈਣੇ ਇੰਝ ਬਣੇ ਹੋਏ ਰਿਸ਼ਤੇ ਥੋੜੀ ਬਲੀ ਚਾੜ ਦਈਦੇ ਹੁੰਦੇ ।ਇਸੇ ਲਈ ਕਹਾਵਤ ਬਣੀ ਹੋਈ । ਰਹਿੰਦੀ ਉਮਰੇ ਹਰ ਔਰਤ ਮਰਦ ਦੀ ਜਿੰਦਗੀ ਵਿਚ ਦੂਜੇ ਔਰਤਾਂ ਮਰਦ ਆਉਦੇ ਜਾਂਦੇ ਰਹਿੰਦੇ । ਇਹ ਸਾਡੇ ਤੇ ਹੁੰਦਾ ਅਸੀ ਕਿਵੇ ਦਾ ਕਰਮ ਕਰਦੇ ਹਾ। ਕੀ ਸੋਚਦੇ ਹਾ ਰਿਸ਼ਤਾ ਕਿਵੇ ਰੱਖਦੇ ਹਾ। ਹਰ ਭਾਵ ਮਨ ਆਈ ਥੋੜੀ ਪੁਗਾਈ ਜਾਦੀ ਹੈ। ਆਪਣੇ ਅੰਦਰ ਚਾਤ ਮਾਰ ਭਾਜੀ ਤੋ ਬਾਅਦ ਤੂੰ ਹੋਰ ਵਲ ਆਕਰਸ਼ਿਤ ਹੋ ਜਾਂਦੀ ਏ। ਫੇਰ ਕਲ ਦੀ ਕਾਹਦੀ ਗਾਰੰਟੀ ਕਿਸੇ ਤੀਜੇ ਵਲ ਆਕਰਸ਼ਿਤ ਨਹੀ ਹੋਵੇਗੀ । ਇਸ ਬੰਦੇ ਤੋ ਵੀ ਤੇਰਾ ਦਿਲ ਨਾ ਭਰੇਗਾ। ਇਹ ਮਾੜਾ ਠਰਕ ਆ ਅੱਗੇ ਤੋ ਅੱਗੇ ਜਿੰਨਾ ਮਰਜੀ ਵਧਾਈ ਜਾਉ। ਮਾੜੀਆਂ ਚੀਜਾਂ ਵੜਾ ਆਨੰਦ ਤੇ ਸੁਖਦਾਈ ਜਾਪਦੀਆਂ ਅਸਰ ਤੇ ਬਾਅਦ ਵਿਚ ਹੁੰਦਾ ।ਜਤਿੰਦਰ ਆਪਣੀ ਪਤਨੀ ਦਾ ਕਿੰਨਾ ਕੁ ਸਕਾ । ਤੂੰ ਖੁਦ ਵਲ ਦੇਖ ਤੂੰ ਕਿੰਨੀ ਕੇ ਸਕੀ ਰਹਿ ਚੁੱਕੀ । ਵਿਆਹ ਸਮੇ ਕਿੰਨੀਆਂ ਮੁਸ਼ਕਿਲਾਂ ਨਾਲ ਲੜ ਰਿਸ਼ਤੇਦਾਰ ਪਰਿਵਾਰ ਵਾਲੇ ਮਨਾ ਤੁਸੀ ਲਵ ਮੈਰਿਜ ਕਰਾਈ । ਜਤਿੰਦਰ ਦੀ ਪਤਨੀ ਵਾਰੇ ਸੋਚ ਔਰਤਾਂ ਤੇ ਅੱਗੇ ਇਕ ਦੂਜੀ ਦਾ ਜਿਉਣਾ ਦੁੱਭਰ ਕਰ ਰੱਖਦੀਆ । ਤੂੰ ਵੀ ਉਸਦਾ ਘਰ ਤੋੜਨ ਤੇ ਤੁਰੀ ਹੋਈ । ਅੱਜ ਪੇਕੇ ਪਾਸੋਂ ਬਹੁਤਾ ਪਿਆਰ ਨਾ ਮਿਲਦਾ ਹੋਉ। ਪਰ ਘਰ ਵਾਲੇ ਦੇ ਪਿਆਰ ਸਹਾਰੇ ਖੁਸ਼ੀ ਆਨੰਦ ਮਾਣ ਰਹੀ ਜਦੋ ਉਸਦਾ ਤੇਰੇ ਕਾਰਨ ਭਰਮ ਟੁੱਟ ਜਾਣਾ ਘਰ ਪੁੱਟਿਆ ਜਾਣਾ ਵਿਚਾਰੀ ਜਿਉਂਦੀ ਮਰ ਜਾਉ।ਸੰਦੀਪ ਤੂੰ ਮੈਨੂੰ ਹੀ ਗਲਤ ਆਖੀ ਜਾਦੀ ਏ । ਉਹ ਆਪਣੀ ਪਤਨੀ ਨਾਲ ਆਪ ਗਲਤ ਕਰ ਰਿਹਾ। ਪ੍ਰੀਤ ਮੇਰੀ ਸਹੇਲੀ ਤੂੰ ਏ । ਉਸ ਬੰਦੇ ਨੂੰ ਤੇ ਮੈ ਜਾਣਦੀ ਨਹੀ । ਇਸੇ ਲਈ ਤੈਨੂੰ ਕਹਾਗੀ ਫੇਰ ਤੂੰ ਦੇਖ ਲਈ ਬਾਅਦ ਵਿਚ ਨੁਕਸਾਨ ਤੇਰਾ ਵਧੇਰੇ ਹੋਣਾ । ਉਸਦਾ ਕੀ ਹੋ ਜਾਉ ਵਿਚਾਰੀ ਪਤਨੀ ਰੁੱਸ ਥੋੜੇ ਦਿਨ ਪੇਕੇ ਜਾ ਬੈਠੇਗੀ । ਜਵਾਕ ਰੁਲ ਖੁਲ ਜਾਣਗੇ। ਆਪ ਕਰਾਇਆ ਪੇਕੇ ਵੀ ਬਹੁਤਾ ਸਾਥ ਨਹੀ ਦਿੰਦੇ । ਉਹ ਨਾਤਾ ਧੋਤਾ ਫੇਰ ਸਾਫ ਹੋ ਜਾਉਗਾ ।ਪਰ ਕੀ ਤੇਰਾ ਭਾਜੀ ਨਾਲ ਜਿਵੇ ਹੁਣ ਰਿਸ਼ਤਾ ਇੰਝ ਰਹਿ ਜਾਉਗਾ । ਕਦੇ ਆਪਣੇ ਬਚੇ ਵਾਰੇ ਸੋਚਿਆ ਇਕ ਦਿਨ ਸੱਚ ਤੇ ਸਾਹਮਣੇ ਆਏ ਬਿੰਨਾ ਰਹਿੰਦਾ ਨਾ । ਤੈਨੂੰ ਤੇਰੇ ਪੇਕੇ ਘਰੇ ਬੈਠਾ ਲੈਣਗੇ। ਤੇਰਾ ਤਲਾਕ ਤਕ ਹੋ ਸਕਦਾ । ਤੂੰ ਕੀ ਜਵਾਨੀ ਵਾਲੇ ਮਜ਼ਾਕ ਜਾਣਦੀ ਏ । ਜਿਹੜਾ ਬੰਦਾ ਤੇਰੀ ਖੁਸ਼ੀ ਖਾਤਰ ਟੁੱਟ ਟੁੱਟ ਮਰਦਾ ਦਿਨ ਰਾਤ ਖਫਦਾ। ਜਦੋ ਉਸਨੂੰ ਤੇਰੀ ਰਾਸ ਲੀਲਾ ਪਤਾ ਲਗੇਗੀ ਤੇ ਕੀ ਐਵੇਂ ਹੀ ਛੱਡ ਦਵੇਗਾ ।ਸੰਦੀਪ ਯਾਰ ਮੈਨੂੰ ਮਾਫ ਕਰੀ ਭੈਣੇ ਮੈ ਕਰ ਚੁੱਕੀ ਹਾ। ਇਕ ਵਾਰੀ ਪਬਲਿਕਲੀ ਮਿਲ ਚੁੱਕੇ ਹਾ। ਬੇਵਕੂਫੇ ਪ੍ਰੀਤ ਤੇਰੀ ਅਕਲ ਕਿਥੇ ਘਾਹ ਚਰਨ ਗਈ ਹੈ । ਜਿਹੜੀ ਆਪਣੇ ਘਰ ਆਲਿਆਂ ਨਾਲ ਲੜ ਝਗੜ ਤਰਲੇ ਕਰ ਮਣਾ ਉਸਦੇ ਬੈਠੀ ਹੋਈ । ਉਹ ਉਸਦਾ ਸਕਾ ਨਾ ਹੋਇਆ ਤੇਰਾ ਕਿਥੋ ਸਕਾ ਹੋ ਜਾਉ ।ਤੂੰ ਕਿੰਨੀ ਬੇਸ਼ਰਮ ਹੋ ਚੁੱਕੀ ਏ । ਮਾੜੇ ਭਾਵਾਂ ਬਾਸਨਾਵਾ ਨੂੰ ਜਿਉਣ ਖਾਤਰ ਆਪਣੇ ਦਿਨ ਭੁੱਲੀ ਬੈਠੀ ਹੈ । ਜਦੋ ਆਖਦੀ ਹੁੰਦੀ ਸੀ। ਸਾਡਾ ਪਿਆਰ ਸੱਚਾ ਜੇ ਵਿਆਹ ਨਾ ਹੋਈਆ ਮੈ ਕੁਝ ਖਾ ਮਰ ਜਾਵਾਗੀ ।ਸੰਦੀਪ ਤੂੰ ਦਸ ਮੈ ਕੀ ਕਰਾ ਮੈਨੂੰ ਜਤਿੰਦਰ ਵੀ ਹੁਣ ਆਪਣਾ ਲੱਗਦਾ । ਉਹ ਮੈਨੂੰ ਸਮਾ ਦਿੰਦਾ ਇੱਜਤ ਪਿਆਰ ਦਿੰਦਾ ।ਪੀਤੋ ਇਹ ਸਭ ਤੈਨੂੰ ਭਾਜੀ ਤੋ ਵੀ ਮਿਲਦਾ। ਹੋਰ ਨੀ ਹੋਰ ਰਹਿਣ ਲਈ ਘਰ ਪਾਉਣ ਲਈ ਕਪੜੇ ਖਾਣ ਲਈ ਰੋਟੀ ਸਭ ਤੈਨੂੰ ਮਿਲ ਰਿਹਾ। ਬਸ ਤੇਰੀਆਂ ਦੁਨੀਆਵੀ ਸਮਾਜਿਕ ਲੋੜਾਂ ਪੂਰੀਆਂ ਕਰਨ ਖਾਤਰ ਭਾਜੀ ਤੈਨੂੰ ਥੋੜਾ ਸਮਾ ਘੱਟ ਦੇ ਪਾਉਂਦਾ ਹੋਉ।ਪਰ ਤੂੰ ਉਸਦਾ ਵੀ ਇੰਤਜਾਮ ਕਰ ਲਿਆ ਪੈਸਾ ਖਾਣਾ ਪੀਣਾ ਹੰਢਾਉਣਾ ਘਰ ਵਾਲੇ ਦਾ ਪਿਆਰ ਹਵਸ ਲਈ ਨਵਾਂ ਕਰ ਲਿਆ ।ਇਹ ਕਿਹੜਾ ਪਿਆਰ ਹੈ। ਜੋ ਤੈਨੂੰ ਅੱਜ ਦੋ ਜਣਿਆਂ ਨਾਲ ਹੋ ਗਿਆ । ਕਲ ਗਿਣਤੀ ਹੋਰ ਵਧੇਗੀ ਤੇ ਤੂੰ ਉਹਨਾ ਔਰਤਾਂ ਜਹੀ ਹੋ ਜਾਵੇਗੀ ਜੋ ਆਪਣੀਆ ਲੋੜਾਂ ਖਾਤਰ ਦਰ ਦਰ ਮੂੰਹ ਮਾਰਦੀਆਂ । ਉਹਨਾ ਦੀਆ ਜਰੂਰਤਾ ਤੇ ਫੇਰ ਵੀ ਰੋਟੀ ਪੈਸਾ ਹੁੰਦੀਆਂ । ਤੇਰੀਆਂ ਜਰੂਰਤਾ ਹੋਣਗੀਆਂ ਮਾਨਸਿਕਤਾ ਤੇ ਸਰੀਰਕ ਸੁੱਖ ਪਰ ਹੋਵੇਗੀ ਤੇ ਵੇਸਵਾ ਹੀ। ਪ੍ਰੀਤ ਤੂੰ ਤੇ ਜਤਿੰਦਰ ਜਹੇ ਲੋਕ ਕੁਵਾਰੀ ਉਮਰੇ ਵੀ ਕਪੜਿਆਂ ਵਾਗ ਸਾਥੀ ਬਦਲਦੇ ਹੋ ਤੇ ਜਦੋ ਕੋਈ ਭਲਾ ਇਨਸਾਨ ਮਿਲ ਜਾਦਾ । ਜਿਹੜਾ ਤੁਹਾਡੇ ਲਈ ਦਿਨ ਰਾਤ ਮਿਹਨਤ ਕਰਦਾ ਆਪਣਾ ਸਭ ਛੱਡ ਤੁਹਾਡੇ ਨਾਲ ਵਸ ਜਾਦਾ । ਉਸਨੂੰ ਵੀ ਆਦਤਾਂ ਤੋ ਮਜਬੂਰ ਧੋਖਾ ਦਿੰਦੇ ਹੋ।ਤੇਰਾ ਨੈਤਿਕ ਪੱਧਰ ਇੰਨਾ ਕਮਜੋਰ ਹੋ ਚੁਕਿਆ । ਤੈਨੂੰ ਸਿਰਫ ਆਪਣਾ ਹੀ ਦਿਖਾਈ ਦੇ ਰਿਹਾ। ਇਹ ਸਭ ਕੁਦਰਤੀ ਬਾਸਨਾਵਾ ਹਨ ਪਰ ਹਰ ਸਮੇ ਕੁਦਰਤ ਹਿਸਾਬ ਨਹੀ ਚਲਿਆ ਜਾ ਸਕਦਾ । ਦੁਨੀਆਵੀ ਸਮਾਜਿਕ ਪਰਿਵਾਰਕ ਕੁਝ ਨਿਯਮ ਵੀ ਹੁੰਦੇ ।ਜਿੰਨਾ ਸਦਕਾ ਜੀਵਨ ਦਾ ਵਿਕਾਸ ਹੁੰਦਾ । ਨਵੀਆਂ ਰੂਹਾਂ ਜਨਮ ਲੈਂਦਿਆ ਤੇ ਉਹਨਾ ਦਾ ਪਾਲਣ ਪੋਸ਼ਣ ਹੁੰਦਾ।ਜਿਵੇ ਤੂੰ ਤੇ ਜਤਿੰਦਰ ਜਹੇ ਲੋਕ ਹਵਸ ਖਾਤਰ ਮਾਨਸਿਕਤਾ ਖਾਤਰ ਆਪਣੇ ਸਾਥੀਆਂ ਨੂੰ ਧੋਖਾ ਦਿੰਦੇ ਹੋ ਉਹਨਾ ਦੀ ਜਿੰਦਗੀ ਬਰਬਾਦ ਕਰਦੇ ਹੋ। ਪਾਪਿਉ ਕਦੇ ਸੁਖ ਨਹੀ ਪਾਉਣਾ।ਪ੍ਰੀਤ ਤੂੰ ਇਵੇਂ ਦੀ ਨਹੀ ਜੇ ਭਾਜੀ ਨਾਲ ਰਿਸ਼ਤਾ ਕਿਸੇ ਪਾਸੋਂ ਖਰਾਬ ਚਲ ਰਿਹਾ। ਤੇ ਬੈਠ ਗਲ ਕਰ ਉਸਨੂੰ ਸੁਧਾਰ ਨਵੇ ਰਾਸਤੇ ਨਾ ਘੜ ਇੰਝ ਕਦੋਂ ਤਕ ਚਲਦਾ ਰਹੇਗਾ। ਇਕ ਦਿਨ ਇਸ ਤੋ ਵੀ ਦਿਲ ਭਰ ਜਾਣਾ ਮਨ ਤਨ ਲੋਭ ਕਦੇ ਕਿੱਥੇ ਰਝਦਾ ਇਨਸਾਨ ਭੈਣੇ।ਸੰਦੀਪ ਹਾਲੇ ਪ੍ਰੀਤ ਨੂੰ ਸਮਝਾ ਹੀ ਰਹੀ ਸੀ ।ਅਗਿਉ ਉਸਨੇ ਗੁੱਸੇ ਵਿਚ ਫੋਨ ਕੱਟ ਦਿਤਾ ।ਇਹ ਹੈ ਤੁਹਾਡੀ ਸੰਚਾਈ ਦੋਗਲੇ ਲੋਕੋ । ਬਹੁਤ ਹਾਸਾ ਆਉਦਾ ਤੁਹਾਨੂੰ ਪਿਆਰ ਨਾਮ ਝੂਠ ਬੋਲ ਚਿੱਕੜ ਵਿੱਚ ਡਿਗਦਿਆਂ ਦੇਖ ।।।।।ਗੁਰਪ੍ਰੀਤ ਸਿੰਘ
April 16, 2020

ਸੂਰਤ Surat Punjabi Story


ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ ਕਰ ਦੇਵਾਂਗੀ ਪਰ ਇਸ ਤਰਾਂ ਹੋਇਆ ਨਹੀਂ,!
ਇਕ ਦਿਨ ਘਰੇ ਆਈ ਗੁਆਂਢ ਤੋਂ ਤਾਈ ਚਰਣੀ ਨੇ ਕਿਸੇ ਮੁੰਡੇ ਦੀ ਦੱਸ ਪਾ ਦਿੱਤੀ ਸਾਡੇ ਘਰੇ !ਘਰ ਵਾਲਿਆਂ ਨੇ ਮੇਰੀ ਮੰਗਣੀ ਕਰਕੇ ਹੀ ਸਾਹ ਲਿਆ ਮੁੰਡਾ ਮਾਸਟਰ ਸੀ ਅਤੇ ਵਿਆਹ ਕਰਨ ਦੇ ਬਦਲੇ ਸਾਡੇ ਤੋਂ 15 ਲੱਖ ਦੀ ਮੰਗ ਕੀਤੀ ਪਰ ਮੇਰੇ ਬਾਪੂ ਨੇ ਆਪਣੀ ਗ਼ਰੀਬੀ ਦਾ ਵਾਸਤਾ ਦਿੱਤਾ ਪਰ ਮੁੰਡੇ ਵਾਲਿਆਂ ਨੇ ਅੱਗੋਂ ਕਿਹਾ ਕੇ ਤੁਹਾਡੀ ਕੁੜੀ ਤਾਂ ਬਹੁਤ ਕਾਲੀ ਆ ਕੌਣ ਸ਼ਾਦੀ ਕਰੇਗਾ ਫ੍ਰੀ ਵਿੱਚ ਉਸ ਨਾਲ ਪਰ ਸਾਡੇ ਮੁੰਡੇ ਨੂੰ ਤਾਂ ਬਾਹਰ ਤੋਂ ਰਿਸ਼ਤੇ ਆ ਰਹੇ ਆ, ਅਸੀਂ ਤਾਂ ਬੱਸ ਤੁਹਾਡੇ ਮੂੰਹ ਨੂੰ ਅੰਕਲ ਜੀ ਸ਼ਾਦੀ ਲਈ ਹਾਂ ਕੀਤੀ ਕੇ ਤੁਸੀਂ ਭਲਾ ਮਾਨਸ ਇਨਸਾਨ ਹੋ , ਪਰ ਮੈਂ ਇਹ ਸੁਣ ਰਹੀ ਸੀ, ਮੈਂ ਆਪਣੇ ਪਿਤਾ ਨੂੰ ਬਹੁਤ ਸਮਜੌਣ ਦੀ ਕੋਸ਼ਿਸ਼ ਕੀਤੀ ਪਰ ਬਾਪੂ ਕਹਿੰਦਾ ਨਹੀਂ ਪੁੱਤ ਤੇਰੇ ਤੋਂ ਵੱਧ ਕੇ ਪੈਸਾ ਨਹੀਂ !ਤੇਰੀ ਖੁਸ਼ੀ ਲਈ ਆਪਣੀ ਜਾਨ ਵੀ ਦੇ ਸਕਦਾ ਹਾਂ ,ਬਾਪੂ ਨੇ ਉਹਨਾਂ ਦੀ ਸ਼ਰਤ ਕਬੂਲ ਕਰਦੇ ਹੋਏ ਰਿਸ਼ਤੇਦਾਰਾਂ ਤੋਂ ਹੁਦਾਰ ਚੁੱਕਦੇ ਹੋਏ , ਮੰਗੇ ਨਗਦ ਪੈਸੇ ਦੇ ਮੇਰਾ ਵਿਆਹ ਉਸ ਮਾਸਟਰ ਨਾਲ ਕਰ ਦਿੱਤਾ ਜਿੱਥੇ ਕੁੱਛ ਦਿਨਾਂ ਬਾਅਦ ਹੀ ਸਾਰਾ ਪਰਵਾਰ ਮੇਰੇ ਸਾਂਵਲੇ ਰੰਗ ਤੋਂ ਘਿਰਣਾ ਕਰਨ ਲੱਗੇ ਸਗੋਂ ਮੇਰਾ ਪਤੀ ਦੇਵਰਾਜ ਵੀ ਮੈਨੂੰ ਇਸ ਕਾਲੇ ਰੰਗ ਦੇ ਮੇਹਣੇ ਦੇਣ ਲੱਗਾ, ਅਤੇ ਕਿਸੇ ਵੀ ਪਾਰਟੀ ਵਿੱਚ ਨਾਲ ਲਿਜਾਣ ਤੋਂ ਗੁਰੇਜ ਕਰਨ ਲੱਗਾ ਅਤੇ ਹੁਣ ਤਾਂ ਮੇਰੇ ਨਾਲ ਮਾਰ ਕੁਟਾਈ ਵੀ ਕਰਨ ਲੱਗਾ, ਪਰ ਕਦੇ ਮੈਂ ਆਪਣੀ ਇਸ ਹਾਲਤ ਨੂੰ ਆਪਣੇ ਪੇਕੇ ਆਪਣੇ ਬਾਪ ਨੂੰ ਨਹੀਂ ਦਸਿਆ ਕਦੇ !ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕੇ ਮੇਰਾ ਬਜ਼ੁਰਗ ਬਾਪ ਇਹ ਸਭ ਸੁਨ ਕੇ ਆਪਣਾ ਆਪ ਹੀ ਖੋ ਬੈਠੇ ਅਤੇ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਏ ! ਇਹਨਾਂ ਤੰਗੀਆਂ ਤੁਰਸ਼ੀਆਂ ਵਿੱਚੋ ਗੁਜਰਦੀ ਨੂੰ 1 ਸਾਲ ਲੰਘ ਚੁੱਕਾ ਸੀ, ਕਦੇ ਮੈਂ ਰੱਬ ਨਾਲ ਨਿਰਾਜ ਹੋਣਾ ਕੇ ਕਿਉਂ ਰੱਬਾ ਮੈਨੂੰ ਇਹ ਕਾਲਾ ਰੰਗ ਦਿੱਤਾ ਜਿਸਦੀ ਦੀ ਦੁਨੀਆਂ ਕਦਰ ਨਹੀਂ ਕਰਦੀ ,ਪਰ ਉਸੇ ਪਲ ਮੇਰੇ ਦਿਮਾਗ ਵਿੱਚ ਇੱਕ ਫਿਰ ਉਪਜ ਕਰਨੀ ਕੇ ਇਹ ਪਰਿਵਾਰ ਹੀ ਐਸਾ ਹੈ ਜੋ ਹੋ ਸਕਦਾ ਮੇਰੇ ਸੋਹਣੇ ਰੰਗ ਦੀ ਵੀ ਕਦਰ ਨਾਂ ਕਰਦਾ , ਰੋ ਰੋ ਕੱਟੇ ਇਹ ਦਿਨ ਮੈਨੂੰ ਸਲਾਮਤੀ ਨਾਂ ਦੇ ਸਕੇ ਅਤੇ ਮੈਂ ਸੋਚਣਾ ਕੇ ਕਦੇ ਕੋਟ ਵਿੱਚ ਇੱਕ ਤੋਂ ਇੱਕ ਚੰਗੇ ਵਕੀਲ ਨੂੰ ਕਦੇ ਮੈਂ ਮੌਕਾ ਨਹੀਂ ਦਿੱਤਾ ਕੇਸ ਜਿੱਤਣ ਦਾ ਫਿਰ ਇਹ ਕੌਣ ਮੈਨੂੰ ਹਾਰੁਣ ਵਾਲੇ ਪਰ ਆਪਣੀ ਇੱਜਤ ਨੂੰ ਸਲਾਮਤ ਰੱਖਦੀ ਹੋਈ ਉਸ ਰੱਬ ਨੂੰ ਪਿਆਰੀ ਹੋਣ ਹੀ ਵਾਲੀ ਸੀ ਕੇ ਇੱਕ ਦਿਨ ਅਚਾਨਕ ਲੱਗੀ ਸਲੰਡਰ ਨੂੰ ਅੱਗ ਨੇ ਸੱਬ ਕੁਛ ਬਦਲ ਕੇ ਰੱਖ ਦਿੱਤਾ ! ਜਦੋ ਪਤੀ ਦੇ ਮੂੰਹ ਤੇ ਪਈ ਅੱਗ ਨੇ ਇਹਨਾਂ ਸਾੜ ਕੇ ਕਾਲਾ ਕਰ ਦਿੱਤਾ ਕੇ ਵੇਖਣ ਨੂੰ ਵੀ ਦਿਲ ਨਾਂ ਕਰੇ ਪਤੀ ਨੂੰ ਕਿਸੇ ਦਾ! ਉਸ ਦਿਨ ਤੋਂ ਬਾਅਦ ਮੈਨੂੰ ਘਰ ਵਿੱਚ ਕਾਲੇ ਰੰਗ ਦਾ ਮੇਹਣਾ ਤਾਂ ਕੀ ਦੇਣਾ ਸੀ ਕਿਸੇ ਨੇ ਕਦੇ ਕਾਲੇ ਰੰਗ ਦਾ ਨਾਂ ਲੈਣੋ ਵੀ ਡਰਦੇ ਸੀ ਮੇਰੇ ਘਰ ਵਾਲੇ 
ਬਸ ਉਸ ਦਿਨ ਤੋਂ ਬਾਅਦ ਮੇਰੀ ਕਾਲੇ ਰੰਗ ਦੀ ਸ਼ਾਨ ਦੀ ਚਮਕ ਵੀ ਸੋਨੇ ਵਰਗੀ ਹੋ ਗਈ ਲੱਗਦੀ ਸੀ!
April 16, 2020

ਇਸ਼ਕ ਹਕੀਕੀ ISHQ HAQIQI PUNJABI STORY


ਇਸ਼ਕ ਮੁਹੱਬਤ ਦੇ ਬਾਰੇ ਵਿੱਚ ਅਖ਼ਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਿਕਾਂ ਅਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ। ਉਹ ਰਾਂਝੇ ਪੀਰ ਦਾ ਚੇਲਾ ਸੀ। ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਅਤੇ ਸ਼ਾਨ ਦੀ ਮੌਤ ਮਰਨਾ ਸੀ।
ਅਖ਼ਲਾਕ ਤੀਹ ਸਾਲ ਦਾ ਹੋ ਗਿਆ। ਮਗਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਕਿਸੇ ਨਾਲ ਇਸ਼ਕ ਨਹੀਂ ਹੋਇਆ ਲੇਕਿਨ ਇੱਕ ਦਿਨ ਇੰਗਰਿਡ ਬਰਗਮੈਨ ਦੀ ਪਿਕਚਰ “ਫ਼ੌਰ ਹੂਮ ਦ ਬੈੱਲ ਟੌਲਜ਼” ਦਾ ਮੈਟਨੀ (ਤੀਜੇ ਪਹਿਰ ਦਾ) ਸ਼ੋ ਦੇਖਣ ਦੇ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਦਿਲ ਉਸ ਬੁਰਕਾਪੋਸ਼ ਕੁੜੀ ਨਾਲ ਵਾਬਸਤਾ ਹੋ ਗਿਆ ਹੈ, ਜੋ ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠੀ ਸੀ ਅਤੇ ਸਾਰਾ ਵਕਤ ਆਪਣੀ ਲੱਤ ਹਿਲਾਂਦੀ ਰਹੀ ਸੀ।
ਪਰਦੇ ਉੱਤੇ ਜਦੋਂ ਸਿਆਹੀ ਘੱਟ ਅਤੇ ਰੋਸ਼ਨੀ ਜ਼ਿਆਦਾ ਹੋਈ ਤਾਂ ਅਖ਼ਲਾਕ ਨੇ ਉਸ ਕੁੜੀ ਨੂੰ ਇੱਕ ਨਜ਼ਰ ਵੇਖਿਆ। ਉਸ ਦੇ ਮੱਥੇ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਸਨ। ਨੱਕ ਦੀ ਫ਼ਿਨਿੰਗ ਉੱਤੇ ਕੁਝ ਬੂੰਦਾਂ ਸਨ ਜਦੋਂ ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ ਤਾਂ ਉਸਦੀ ਲੱਤ ਹਿਲਣੀ ਬੰਦ ਹੋ ਗਈ। ਇੱਕ ਅਦਾ ਦੇ ਨਾਲ ਉਸ ਨੇ ਆਪਣੇ ਸਿਆਹ ਬੁਰਕੇ ਦੀ ਜਾਲੀ ਨਾਲ ਆਪਣਾ ਚਿਹਰਾ ਢਕ ਲਿਆ। ਇਹ ਹਰਕਤ ਕੁੱਝ ਅਜਿਹੀ ਸੀ ਕਿ ਅਖ਼ਲਾਕ ਨੂੰ ਮੱਲੋਮੱਲੀ ਹਾਸੀ ਆ ਗਈ।
ਉਸ ਕੁੜੀ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। ਦੋਨੋਂ ਹੌਲੀ ਹੌਲੀ ਹਸੀਆਂ। ਇਸ ਦੇ ਬਾਅਦ ਉਸ ਕੁੜੀ ਨੇ ਨਕਾਬ ਆਪਣੇ ਚਿਹਰੇ ਤੋਂ ਹਟਾ ਲਿਆ। ਅਖ਼ਲਾਕ ਦੀ ਤਰਫ਼ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਵੇਖਿਆ ਅਤੇ ਲੱਤ ਹਿੱਲਾ ਕੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈ।
ਅਖ਼ਲਾਕ ਸਿਗਰਟ ਪੀ ਰਿਹਾ ਸੀ। ਇੰਗਰਿਡ ਬਰਗਮੈਨ ਉਸਦੀ ਮਹਿਬੂਬ ਐਕਟਰਸ ਸੀ। “ਫ਼ੌਰ ਹੂਮ ਦ ਬੈੱਲ ਟੌਲਜ਼” ਵਿੱਚ ਉਸ ਦੇ ਵਾਲ਼ ਕਟੇ ਹੋਏ ਸਨ। ਫ਼ਿਲਮ ਦੇ ਆਰੰਭ ਵਿੱਚ ਜਦੋਂ ਅਖ਼ਲਾਕ ਨੇ ਉਸਨੂੰ ਵੇਖਿਆ ਤਾਂ ਉਹ ਬਹੁਤ ਹੀ ਪਿਆਰੀ ਲੱਗੀ। ਲੇਕਿਨ ਨਾਲ ਵਾਲੀ ਸੀਟ ਉੱਤੇ ਬੈਠੀ ਹੋਈ ਕੁੜੀ ਦੇਖਣ ਦੇ ਬਾਅਦ ਉਹ ਇੰਗਰਿਡ ਬਰਗਮੈਨ ਨੂੰ ਭੁੱਲ ਗਿਆ। ਇਵੇਂ ਤਾਂ ਕਰੀਬ ਕਰੀਬ ਸਾਰੀ ਫ਼ਿਲਮ ਉਸ ਦੀਆਂ ਨਿਗਾਹਾਂ ਦੇ ਸਾਹਮਣੇ ਚਲੀ ਮਗਰ ਉਸ ਨੇ ਬਹੁਤ ਹੀ ਘੱਟ ਵੇਖੀ।
ਸਾਰਾ ਵਕਤ ਉਹ ਕੁੜੀ ਇਸ ਦੇ ਦਿਲ ਦਿਮਾਗ਼ ਉੱਤੇ ਛਾਈ ਰਹੀ।
ਅਖ਼ਲਾਕ ਸਿਗਰਟ ਤੇ ਸਿਗਰਟ ਪੀਂਦਾ ਰਿਹਾ। ਇੱਕ ਵਾਰ ਉਸ ਨੇ ਰਾਖ ਝਾੜੀ। ਤਾਂ ਉਸਦੀ ਸਿਗਰਟ ਉਂਗਲੀਆਂ ਵਿੱਚੋਂ ਨਿਕਲ ਕੇ ਉਸ ਕੁੜੀ ਦੀ ਗੋਦ ਵਿੱਚ ਜਾ ਪਈ। ਕੁੜੀ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਸੀ ਇਸ ਲਈ ਉਸ ਨੂੰ ਸਿਗਰਟ ਡਿੱਗਣ ਦਾ ਕੁੱਝ ਪਤਾ ਨਹੀਂ ਸੀ। ਅਖ਼ਲਾਕ ਬਹੁਤ ਘਬਰਾਇਆ। ਇਸ ਘਬਰਾਹਟ ਵਿੱਚ ਉਸ ਨੇ ਹੱਥ ਵਧਾ ਕੇ ਸਿਗਰਟ ਉਸ ਦੇ ਬੁਰਕੇ ਤੋਂ ਚੁੱਕਿਆ ਅਤੇ ਫ਼ਰਸ਼ ਉੱਤੇ ਸੁੱਟ ਦਿੱਤਾ। ਕੁੜੀ ਹੜਬੜਾ ਕੇ ਉਠ ਖੜੀ ਹੋਈ। ਅਖ਼ਲਾਕ ਨੇ ਫ਼ੌਰਨ ਕਿਹਾ, “ਮੁਆਫ਼ੀ ਚਾਹੁੰਦਾ ਹਾਂ ਤੁਹਾਡੇ ਉੱਤੇ ਸਿਗਰਟ ਡਿੱਗ ਗਈ ਸੀ। ”
ਕੁੜੀ ਨੇ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਬੈਠ ਗਈ। ਬੈਠ ਕੇ ਉਸ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। “ਦੋਨਾਂ ਹੌਲੇ ਹੌਲੇ ਹਸੀਆਂ ਅਤੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈਆਂ। ”
ਫ਼ਿਲਮ ਦੇ ਖ਼ਾਤਮੇ ਉੱਤੇ ਜਦੋਂ ਕਾਇਦ-ਏ-ਆਜ਼ਮ ਦੀ ਤਸਵੀਰ ਨਮੂਦਾਰ ਹੋਈ ਤਾਂ ਅਖ਼ਲਾਕ ਉੱਠਿਆ। ਖ਼ੁਦਾ ਜਾਣੇ ਕੀ ਹੋਇਆ ਕਿ ਉਸ ਦਾ ਪੈਰ ਕੁੜੀ ਦੇ ਪੈਰ ਦੇ ਨਾਲ ਟਕਰਾਇਆ। ਅਖ਼ਲਾਕ ਇੱਕ ਵਾਰ ਫਿਰ ਸਿਰ ਤੋਂ ਪੈਰਾਂ ਤੱਕ ਸੁੰਨ ਹੋ ਗਿਆ। “ਮੁਆਫ਼ੀ ਚਾਹੁੰਦਾ ਹਾਂ ……ਪਤਾ ਨਹੀਂ ਅੱਜ ਕੀ ਹੋ ਗਿਆ ਹੈ।”
ਦੋਨੋਂ ਸਹੇਲੀਆਂ ਹੌਲੀ ਜਿਹੇ ਹੱਸੀਆਂ। ਜਦੋਂ ਭੀੜ ਦੇ ਨਾਲ ਬਾਹਰ ਨਿਕਲੀਆਂ ਤਾਂ ਅਖ਼ਲਾਕ ਉਨ੍ਹਾਂ ਦੇ ਪਿੱਛੇ ਪਿੱਛੇ ਹੋ ਲਿਆ। ਉਹ ਕੁੜੀ ਜਿਸ ਨਾਲ ਉਸ ਨੂੰ ਪਹਿਲੀ ਨਜ਼ਰ ਦਾ ਇਸ਼ਕ ਹੋਇਆ ਸੀ ਮੁੜ ਮੁੜ ਕੇ ਵੇਖਦੀ ਰਹੀ। ਅਖ਼ਲਾਕ ਨੇ ਇਸਦੀ ਪਰਵਾਹ ਨਹੀਂ ਕੀਤੀ। ਅਤੇ ਉਨ੍ਹਾਂ ਦੇ ਪਿੱਛੇ ਪਿੱਛੇ ਚੱਲਦਾ ਰਿਹਾ। ਉਸ ਨੇ ਤਹੱਈਆ ਕਰ ਲਿਆ ਸੀ ਕਿ ਉਹ ਉਸ ਕੁੜੀ ਦਾ ਘਰ ਵੇਖ ਕੇ ਰਹੇਗਾ।
ਮਾਲ ਰੋਡ ਦੇ ਫੁਟਪਾਥ ਉੱਤੇ ਵਾਈ ਐਮ ਸੀ ਏ ਦੇ ਸਾਹਮਣੇ ਉਸ ਕੁੜੀ ਨੇ ਮੁੜ ਕੇ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਆਪਣੀ ਸਹੇਲੀ ਦਾ ਹੱਥ ਫੜ ਕੇ ਰੁਕ ਗਈ। ਅਖ਼ਲਾਕ ਨੇ ਅੱਗੇ ਨਿਕਲਣਾ ਚਾਹਿਆ ਤਾਂ ਉਹ ਕੁੜੀ ਇਸ ਨੂੰ ਮੁਖ਼ਾਤਬ ਹੋਈ, “ਤੁਸੀਂ ਸਾਡੇ ਪਿੱਛੇ ਪਿੱਛੇ ਕਿਉਂ ਆ ਰਹੇ ਹੋ?”
ਅਖ਼ਲਾਕ ਨੇ ਇੱਕ ਛਿਣ ਸੋਚ ਕੇ ਜਵਾਬ ਦਿੱਤਾ, “ਤੁਸੀਂ ਮੇਰੇ ਅੱਗੇ ਅੱਗੇ ਕਿਉਂ ਜਾ ਰਹੀਆਂ ਹੋ।”
ਕੁੜੀ ਖਿਲਖਲਾ ਕੇ ਹਸ ਪਈ। ਇਸ ਦੇ ਬਾਅਦ ਉਸ ਨੇ ਆਪਣੀ ਸਹੇਲੀ ਨੂੰ ਕੁੱਝ ਕਿਹਾ। ਫਿਰ ਦੋਨੋਂ ਚੱਲ ਪਈਆਂ। ਬਸ ਸਟੈਂਡ ਦੇ ਕੋਲ ਉਸ ਕੁੜੀ ਨੇ ਜਦੋਂ ਮੁੜ ਕੇ ਵੇਖਿਆ ਤਾਂ ਅਖ਼ਲਾਕ ਨੇ ਕਿਹਾ। “ਤੁਸੀਂ ਪਿੱਛੇ ਆ ਜਾਓ। ਮੈਂ ਅੱਗੇ ਵੱਧ ਜਾਂਦਾ ਹਾਂ। ”
ਕੁੜੀ ਨੇ ਮੂੰਹ ਮੋੜ ਲਿਆ।
ਅਨਾਰਕਲੀ ਦਾ ਮੋੜ ਆਇਆ ਤਾਂ ਦੋਨਾਂ ਸਹੇਲੀਆਂ ਰੁੱਕ ਗਈਆਂ। ਅਖ਼ਲਾਕ ਕੋਲੋਂ ਲੰਘਣ ਲੱਗਿਆ ਤਾਂ ਉਸ ਕੁੜੀ ਨੇ ਉਸ ਨੂੰ ਕਿਹਾ। “ਤੁਸੀਂ ਸਾਡੇ ਪਿੱਛੇ ਨਾ ਆਓ। ਇਹ ਬਹੁਤ ਬੁਰੀ ਗੱਲ ਹੈ। ”
ਲਹਿਜੇ ਵਿੱਚ ਬੜੀ ਗੰਭੀਰਤਾ ਸੀ। ਅਖ਼ਲਾਕ ਨੇ “ਬਹੁਤ ਬਿਹਤਰ” ਕਿਹਾ ਅਤੇ ਵਾਪਸ ਚੱਲ ਪਿਆ। ਉਸ ਨੇ ਮੁੜ ਕੇ ਵੀ ਉਨ੍ਹਾਂ ਨੂੰ ਨਹੀਂ ਵੇਖਿਆ। ਲੇਕਿਨ ਦਿਲ ਵਿੱਚ ਉਹਨੂੰ ਅਫ਼ਸੋਸ ਸੀ ਕਿ ਉਹ ਕਿਉਂ ਉਸ ਦੇ ਪਿੱਛੇ ਨਹੀਂ ਗਿਆ। ਇੰਨੀ ਦੇਰ ਦੇ ਬਾਅਦ ਉਸ ਨੂੰ ਇੰਨੀ ਸ਼ਿੱਦਤ ਨਾਲ ਮਹਿਸੂਸ ਹੋਇਆ ਸੀ ਕਿ ਉਸ ਨੂੰ ਕਿਸੇ ਨਾਲ ਮੁਹੱਬਤ ਹੋਈ ਹੈ। ਲੇਕਿਨ ਉਸ ਨੇ ਮੌਕਾ ਹੱਥੋਂ ਜਾਣ ਦਿੱਤਾ। ਹੁਣ ਖ਼ੁਦਾ ਜਾਣੇ ਫਿਰ ਉਸ ਕੁੜੀ ਨਾਲ ਮੁਲਾਕਾਤ ਹੋਵੇ ਜਾਂ ਨਾ ਹੋਵੇ।
ਜਦੋਂ ਵਾਈ ਐਮ ਸੀ ਦੇ ਕੋਲ ਪਹੁੰਚਿਆ ਤਾਂ ਰੁੱਕ ਕੇ ਉਸ ਨੇ ਅਨਾਰਕਲੀ ਦੇ ਮੋੜ ਦੀ ਤਰਫ਼ ਵੇਖਿਆ। ਮਗਰ ਹੁਣ ਉੱਥੇ ਕੀ ਸੀ। ਉਹ ਤਾਂ ਉਸੇ ਵਕਤ ਅਨਾਰਕਲੀ ਦੀ ਤਰਫ਼ ਚਲੀਆਂ ਗਈਆਂ ਸਨ।
ਕੁੜੀ ਦੇ ਨਕਸ਼ ਵੱਡੇ ਪਤਲੇ ਪਤਲੇ ਸਨ। ਬਰੀਕ ਨੱਕ, ਛੋਟੀ ਜਿਹੀ ਠੋਡੀ, ਫੁਲ ਦੀਆਂ ਪੱਤੀਆਂ ਵਰਗੇ ਹੋਠ। ਜਦੋਂ ਪਰਦੇ ਉੱਤੇ ਕਾਲਖ ਘੱਟ ਅਤੇ ਰੋਸ਼ਨੀ ਜ਼ਿਆਦਾ ਹੁੰਦੀ ਸੀ ਤਾਂ ਉਸ ਨੇ ਉਸਦੇ ਉਪਰਲੇ ਹੋਠ ਉੱਤੇ ਇੱਕ ਤਿਲ ਵੇਖਿਆ ਸੀ ਜੋ ਬੇਹੱਦ ਪਿਆਰਾ ਲੱਗਦਾ ਸੀ। ਅਖ਼ਲਾਕ ਨੇ ਸੋਚਿਆ ਸੀ ਕਿ ਜੇਕਰ ਇਹ ਤਿਲ ਨਾ ਹੁੰਦਾ ਤਾਂ ਸ਼ਾਇਦ ਉਹ ਕੁੜੀ ਨਾਮੁਕੰਮਲ ਰਹਿੰਦੀ। ਇਸ ਦਾ ਉੱਥੇ ਹੋਣਾ ਅਤਿ ਜ਼ਰੂਰੀ ਸੀ।
ਛੋਟੇ ਛੋਟੇ ਕਦਮ ਸਨ ਜਿਨ੍ਹਾਂ ਵਿੱਚ ਕੰਵਾਰਪਣ ਸੀ। ਹਾਲਾਂਕਿ ਉਸ ਨੂੰ ਪਤਾ ਸੀ ਕਿ ਇੱਕ ਮਰਦ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਇਸ ਲਈ ਉस ਦੇ ਇਨ੍ਹਾਂ ਛੋਟੇ ਛੋਟੇ ਕਦਮਾਂ ਵਿੱਚ ਇੱਕ ਵੱਡੀ ਪਿਆਰੀ ਲੜਖੜਾਹਟ ਜਿਹੀ ਪੈਦਾ ਹੋ ਗਈ ਸੀ। ਉਸ ਦਾ ਮੁੜ ਮੁੜ ਕੇ ਵੇਖਣਾ ਤਾਂ ਗ਼ਜ਼ਬ ਸੀ। ਗਰਦਨ ਨੂੰ ਇੱਕ ਹਲਕਾ ਜਿਹਾ ਝੱਟਕਾ ਦੇਕੇ ਉਹ ਪਿੱਛੇ ਅਖ਼ਲਾਕ ਦੀ ਤਰਫ਼ ਵੇਖਦੀ ਅਤੇ ਤੇਜ਼ੀ ਨਾਲ ਮੂੰਹ ਮੋੜ ਲੈਂਦੀ।
ਦੂਜੇ ਦਿਨ ਉਹ ਇੰਗਰਿਡ ਬਰਗਮੈਨ ਦੀ ਫ਼ਿਲਮ ਫਿਰ ਦੇਖਣ ਗਿਆ। ਸ਼ੋ ਸ਼ੁਰੂ ਹੋ ਚੁੱਕਾ ਸੀ। ਵਾਲਟ ਡਿਜ਼ਨੀ ਦਾ ਕਾਰਟੂਨ ਚੱਲ ਰਿਹਾ ਸੀ ਕਿ ਉਹ ਅੰਦਰ ਹਾਲ ਵਿੱਚ ਦਾਖ਼ਲ ਹੋਇਆ। ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ ਸੀ।
ਗੇਟ ਕੀਪਰ ਦੀ ਬੈਟਰੀ ਦੀ ਅੰਨ੍ਹੀ ਰੋਸ਼ਨੀ ਦੇ ਸਹਾਰੇ ਇਸ ਨੇ ਟਟੋਲ ਟਟੋਲ ਕੇ ਇੱਕ ਖ਼ਾਲੀ ਸੀਟ ਦੀ ਭਾਲ ਕੀਤੀ ਅਤੇ ਉਸ ਉੱਪਰ ਬੈਠ ਗਿਆ।
ਡਿਜ਼ਨੀ ਦਾ ਕਾਰਟੂਨ ਬਹੁਤ ਮਜ਼ਾਹੀਆ ਸੀ। ਏਧਰ ਏਧਰ ਕਈ ਤਮਾਸ਼ਾਈ ਹਸ ਰਹੇ ਸਨ। ਕਦੇ ਕਦੇ ਬਹੁਤ ਹੀ ਕਰੀਬ ਤੋਂ ਅਖ਼ਲਾਕ ਨੂੰ ਅਜਿਹੀ ਹਾਸੀ ਸੁਣਾਈ ਦਿੱਤੀ ਜਿਸ ਨੂੰ ਉਹ ਸਿਆਣਦਾ ਸੀ। ਮੁੜ ਕੇ ਉਸ ਨੇ ਪਿੱਛੇ ਵੇਖਿਆ ਤਾਂ ਉਹੀ ਕੁੜੀ ਬੈਠੀ ਸੀ।
ਅਖ਼ਲਾਕ ਦਾ ਦਿਲ ਧੱਕ ਧੱਕ ਕਰਨ ਲੱਗਿਆ। ਕੁੜੀ ਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ। ਸ਼ਕਲ ਸੂਰਤ ਦੇ ਪੱਖ ਤੋਂ ਉਹ ਇਸ ਦਾ ਭਾਈ ਲੱਗਦਾ ਸੀ। ਉਸਦੀ ਹਾਜ਼ਰੀ ਵਿੱਚ ਉਹ ਕਿਸ ਤਰ੍ਹਾਂ ਵਾਰ ਵਾਰ ਮੁੜ ਕੇ ਵੇਖ ਸਕਦਾ ਸੀ।
ਇੰਟਰਵਲ ਹੋ ਗਿਆ। ਅਖ਼ਲਾਕ ਕੋਸ਼ਿਸ਼ ਦੇ ਬਾਵਜੂਦ ਫ਼ਿਲਮ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ। ਰੋਸ਼ਨੀ ਹੋਈ ਤਾਂ ਉਹ ਉੱਠਿਆ। ਕੁੜੀ ਦੇ ਚਿਹਰੇ ਉੱਤੇ ਨਕਾਬ ਸੀ। ਮਗਰ ਉਸ ਮਹੀਨ ਪਰਦੇ ਦੇ ਪਿੱਛੇ ਉਸਦੀਆਂ ਅੱਖਾਂ ਅਖ਼ਲਾਕ ਨੂੰ ਨਜ਼ਰ ਆਈਆਂ ਜਿਨ੍ਹਾਂ ਵਿੱਚ ਮੁਸਕੁਰਾਹਟ ਦੀ ਚਮਕ ਸੀ।
ਕੁੜੀ ਦੇ ਭਰਾ ਨੇ ਸਿਗਰਟ ਕੱਢ ਕੇ ਸੁਲਗਾਈ। ਅਖ਼ਲਾਕ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਉਸ ਨੂੰ ਮੁਖ਼ਾਤਬ ਹੋਇਆ, “ਜਰਾ ਮਾਚਿਸ ਮਿਹਰ ਫ਼ਰਮਾਓ।”
ਕੁੜੀ ਦੇ ਭਰਾ ਨੇ ਉਸ ਨੂੰ ਮਾਚਿਸ ਦੇ ਦਿੱਤੀ। ਅਖ਼ਲਾਕ ਨੇ ਆਪਣੀ ਸਿਗਰਟ ਸੁਲਗਾਈ ਅਤੇ ਮਾਚਿਸ ਉਸ ਨੂੰ ਵਾਪਸ ਦੇ ਦਿੱਤੀ, “ਧੰਨਵਾਦ ! ”
ਕੁੜੀ ਦੀ ਲੱਤ ਹਿੱਲ ਰਹੀ ਸੀ। ਅਖ਼ਲਾਕ ਆਪਣੀ ਸੀਟ ਉੱਤੇ ਬੈਠ ਗਿਆ। ਫ਼ਿਲਮ ਦਾ ਬਕਾਇਆ ਹਿੱਸਾ ਸ਼ੁਰੂ ਹੋਇਆ। ਇੱਕ ਦੋ ਵਾਰ ਉਸ ਨੇ ਮੁੜ ਕੇ ਕੁੜੀ ਦੀ ਤਰਫ਼ ਵੇਖਿਆ। ਇਸ ਤੋਂ ਜ਼ਿਆਦਾ ਉਹ ਕੁੱਝ ਨਹੀਂ ਕਰ ਸਕਿਆ।
ਫ਼ਿਲਮ ਖ਼ਤਮ ਹੋਈ। ਲੋਕ ਬਾਹਰ ਨਿਕਲਣਾ ਸ਼ੁਰੂ ਹੋਏ। ਕੁੜੀ ਅਤੇ ਉਸ ਦਾ ਭਾਈ ਨਾਲ ਸਨ। ਅਖ਼ਲਾਕ ਉਨ੍ਹਾਂ ਤੋਂ ਹੱਟ ਕੇ ਪਿੱਛੇ ਪਿੱਛੇ ਚਲਣ ਲਗਾ।
ਸਟੈਂਡ ਦੇ ਕੋਲ ਭਰਾ ਨੇ ਆਪਣੀ ਭੈਣ ਨੂੰ ਕੁੱਝ ਕਿਹਾ। ਇੱਕ ਟਾਂਗੇ ਵਾਲੇ ਨੂੰ ਬੁਲਾਇਆ ਕੁੜੀ ਉਸ ਵਿੱਚ ਬੈਠ ਗਈ। ਮੁੰਡਾ ਸਟੈਂਡ ਵਿੱਚ ਚਲਾ ਗਿਆ। ਕੁੜੀ ਨੇ ਨਕਾਬ ਵਿੱਚੋਂ ਅਖ਼ਲਾਕ ਦੀ ਤਰਫ਼ ਵੇਖਿਆ। ਉਸ ਦਾ ਦਿਲ ਧੱਕ ਧੱਕ ਕਰਨ ਲਗਾ। ਟਾਂਗਾ ਚੱਲ ਪਿਆ। ਸਟੈਂਡ ਦੇ ਬਾਹਰ ਇਸ ਦੇ ਤਿੰਨ ਚਾਰ ਦੋਸਤ ਖੜੇ ਸਨ। ਇਹਨਾਂ ਵਿਚੋਂ ਇੱਕ ਦੀ ਸਾਈਕਲ ਉਸ ਨੇ ਜਲਦੀ ਜਲਦੀ ਫੜੀ ਅਤੇ ਟਾਂਗੇ ਦੇ ਪਿੱਛੇ ਰਵਾਨਾ ਹੋ ਗਿਆ।
ਇਹ ਪਿੱਛੇ ਜਾਣਾ ਬਹੁਤ ਦਿਲਚਸਪ ਰਿਹਾ। ਜ਼ੋਰ ਦੀ ਹਵਾ ਚੱਲ ਰਹੀ ਸੀ ਕੁੜੀ ਦੇ ਚਿਹਰੇ ਉੱਤੋਂ ਨਕਾਬ ਉਠ ਉਠ ਜਾਂਦਾ। ਸਿਆਹ ਜਾਰਜਤ ਦਾ ਪਰਦਾ ਫੜਫੜਾਕੇ ਉਸਦੇ ਸਫੈਦ ਚਿਹਰੇ ਦੀਆਂ ਝਲਕੀਆਂ ਦਿਖਾਂਦਾ ਸੀ। ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਝੂਮਰ ਸਨ। ਪਤਲੇ ਪਤਲੇ ਹੋਠਾਂ ਉੱਤੇ ਮੱਸ ਮਾਇਲ ਸੁਰਖੀ ਸੀ ……ਅਤੇ ਉਪਰਲੇ ਹੋਠ ਉੱਤੇ ਤਿਲ ……ਉਹ ਅਤਿ ਜ਼ਰੂਰੀ ਤਿਲ।
ਬੜੇ ਜ਼ੋਰ ਦਾ ਬੁੱਲਾ ਆਇਆ ਤਾਂ ਅਖ਼ਲਾਕ ਦੇ ਸਿਰ ਉੱਤੋਂ ਹੈਟ ਉੱਤਰ ਗਿਆ ਅਤੇ ਸੜਕ ਤੇ ਦੌੜਨ ਲਗਾ। ਇੱਕ ਟਰੱਕ ਲੰਘ ਰਿਹਾ ਸੀ। ਉਸ ਦੇ ਵਜ਼ਨੀ ਪਹੀਏ ਦੇ ਹੇਠਾਂ ਆਇਆ ਅਤੇ ਉਥੇ ਹੀ ਚਿੱਤ ਗਿਆ।
ਕੁੜੀ ਹਸੀ ਅਖ਼ਲਾਕ ਨੇ ਮੁਸਕਰਾ ਦਿੱਤਾ। ਗਰਦਨ ਮੋੜ ਕੇ ਹੈਟ ਦੀ ਲਾਸ਼ ਵੇਖੀ ਜੋ ਬਹੁਤ ਪਿੱਛੇ ਰਹਿ ਗਈ ਸੀ ਅਤੇ ਕੁੜੀ ਨੂੰ ਮੁਖ਼ਾਤਬ ਹੋ ਕੇ ਕਿਹਾ। “ਉਸ ਨੂੰ ਤਾਂ ਸ਼ਹਾਦਤ ਦਾ ਰੁਤਬ ਮਿਲ ਗਿਆ।”
ਕੁੜੀ ਨੇ ਮੂੰਹ ਦੂਜੀ ਤਰਫ਼ ਮੋੜ ਲਿਆ।
ਅਖ਼ਲਾਕ ਥੋੜ੍ਹੀ ਦੇਰ ਦੇ ਬਾਅਦ ਫਿਰ ਉਸਨੂੰ ਮੁਖ਼ਾਤਬ ਹੋਇਆ। “ਤੁਹਾਨੂੰ ਇਤਰਾਜ਼ ਹੈ ਤਾਂ ਵਾਪਸ ਚਲੇ ਜਾਂਦਾ ਹਾਂ। ”
ਕੁੜੀ ਨੇ ਉਸ ਦੀ ਤਰਫ਼ ਵੇਖਿਆ ਮਗਰ ਕੋਈ ਜਵਾਬ ਨਹੀਂ ਦਿੱਤਾ।
ਅਨਾਰਕਲੀ ਦੀ ਇੱਕ ਗਲੀ ਵਿੱਚ ਟਾਂਗਾ ਰੁਕਿਆ ਅਤੇ ਉਹ ਕੁੜੀ ਉੱਤਰ ਕੇ ਅਖ਼ਲਾਕ ਦੀ ਤਰਫ਼ ਵਾਰ ਵਾਰ ਵੇਖਦੀ ਨਕਾਬ ਉਠਾ ਕੇ ਇੱਕ ਮਕਾਨ ਵਿੱਚ ਦਾਖ਼ਲ ਹੋ ਗਈ। ਅਖ਼ਲਾਕ ਇੱਕ ਪੈਰ ਸਾਈਕਲ ਦੇ ਪੈਡਲ ਉੱਤੇ ਅਤੇ ਦੂਜਾ ਪੈਰ ਦੁਕਾਨ ਦੇ ਥੜੇ ਉੱਤੇ ਰੱਖੇ ਥੋੜ੍ਹੀ ਦੇਰ ਖੜਾ ਰਿਹਾ। ਸਾਈਕਲ ਚਲਾਣ ਹੀ ਵਾਲਾ ਸੀ ਕਿ ਇਸ ਮਕਾਨ ਦੀ ਪਹਿਲੀ ਮੰਜ਼ਿਲ ਉੱਤੇ ਇੱਕ ਖਿੜਕੀ ਖੁੱਲੀ। ਕੁੜੀ ਨੇ ਝਾਕ ਕੇ ਅਖ਼ਲਾਕ ਨੂੰ ਵੇਖਿਆ। ਮਗਰ ਫ਼ੌਰਨ ਹੀ ਸ਼ਰਮਾ ਕੇ ਪਿੱਛੇ ਹੱਟ ਗਈ। ਅਖ਼ਲਾਕ ਤਕਰੀਬਨ ਅੱਧ ਘੰਟਾ ਉੱਥੇ ਖੜਾ ਰਿਹਾ। ਮਗਰ ਉਹ ਫਿਰ ਖਿੜਕੀ ਵਿੱਚ ਨਮੂਦਾਰ ਨਹੀਂ ਹੋਈ।
ਅਗਲੇ ਦਿਨ ਅਖ਼ਲਾਕ ਸਵੇਰੇ ਸਵੇਰੇ ਅਨਾਰਕਲੀ ਦੀ ਉਸ ਗਲੀ ਵਿੱਚ ਪਹੁੰਚਿਆ। ਪੰਦਰਾਂ ਵੀਹ ਮਿੰਟ ਤੱਕ ਏਧਰ ਉੱਧਰ ਘੁੰਮਦਾ ਰਿਹਾ। ਖਿੜਕੀ ਬੰਦ ਸੀ। ਮਾਯੂਸ ਹੋ ਕੇ ਪਰਤਣ ਵਾਲਾ ਸੀ ਕਿ ਇੱਕ ਫ਼ਾਲਸੇ ਵੇਚਣ ਵਾਲਾ ਆਵਾਜ਼ ਲਗਾਉਂਦਾ ਆਇਆ। ਖਿੜਕੀ ਖੁੱਲੀ, ਕੁੜੀ ਸਿਰ ਤੋਂ ਨੰਗੀ ਨਮੂਦਾਰ ਹੋਈ। ਇਸ ਨੇ ਫ਼ਾਲਸੇ ਵਾਲੇ ਨੂੰ ਆਵਾਜ਼ ਦਿੱਤੀ।
“ਭਾਈ ਫ਼ਾਲਸੇ ਵਾਲੇ, ਜਰਾ ਠਹਿਰਨਾ,” ਫਿਰ ਉਸਦੀਆਂ ਨਜ਼ਰਾਂ ਇੱਕ ਦਮ ਅਖ਼ਲਾਕ ਤੇ ਪਈਆਂ। ਚੌਂਕ ਕੇ ਉਹ ਪਿੱਛੇ ਹੱਟ ਗਈ। ਫ਼ਾਲਸੇ ਵਾਲੇ ਨੇ ਸਿਰ ਤੋਂ ਛਾਬੜੀ ਉਤਾਰੀ ਅਤੇ ਬੈਠ ਗਿਆ। ਥੋੜ੍ਹੀ ਦੇਰ ਦੇ ਬਾਅਦ ਉਹ ਕੁੜੀ ਸਿਰ ਉੱਤੇ ਦੁਪੱਟਾ ਲਈ ਹੇਠਾਂ ਆਈ। ਅਖ਼ਲਾਕ ਨੂੰ ਉਸ ਨੇ ਕਨਖੀਆਂ ਨਾਲ ਵੇਖਿਆ। ਸ਼ਰਮਾਈ ਅਤੇ ਫ਼ਾਲਸੇ ਲਏ ਬਿਨਾਂ ਵਾਪਸ ਚੱਲੀ ਗਈ।
ਅਖ਼ਲਾਕ ਨੂੰ ਇਹ ਅਦਾ ਬਹੁਤ ਪਸੰਦ ਆਈ। ਥੋੜ੍ਹਾ ਜਿਹਾ ਤਰਸ ਵੀ ਆਇਆ। ਫ਼ਾਲਸੇ ਵਾਲੇ ਨੇ ਜਦੋਂ ਉਸ ਨੂੰ ਘੂਰ ਕੇ ਵੇਖਿਆ ਤਾਂ ਉਹ ਉੱਥੋਂ ਚੱਲ ਪਿਆ। “ਚਲੋ ਅੱਜ ਇੰਨਾ ਹੀ ਕਾਫ਼ੀ ਹੈ।”
ਕੁਝ ਦਿਨ ਹੀ ਵਿੱਚ ਅਖ਼ਲਾਕ ਅਤੇ ਉਸ ਕੁੜੀ ਵਿੱਚ ਇਸ਼ਾਰੇ ਸ਼ੁਰੂ ਹੋ ਗਏ। ਹਰ ਰੋਜ ਸਵੇਰੇ ਨੌਂ ਵਜੇ ਉਹ ਅਨਾਰਕਲੀ ਦੀ ਇਸ ਗਲੀ ਵਿੱਚ ਪੁੱਜਦਾ। ਖਿੜਕੀ ਖੁਲਦੀ ਉਹ ਸਲਾਮ ਕਰਦਾ ਉਹ ਜਵਾਬ ਦਿੰਦੀ, ਮੁਸਕਰਾਉਂਦੀ। ਹੱਥ ਦੇ ਇਸ਼ਾਰਿਆਂ ਨਾਲ ਕੁੱਝ ਗੱਲਾਂ ਹੁੰਦੀਆਂ। ਇਸਦੇ ਬਾਅਦ ਉਹ ਚੱਲੀ ਜਾਂਦੀ।
ਇੱਕ ਰੋਜ ਉਂਗਲੀਆਂ ਘੁਮਾ ਕੇ ਉਸ ਨੇ ਅਖ਼ਲਾਕ ਨੂੰ ਦੱਸਿਆ ਕਿ ਉਹ ਸ਼ਾਮ ਦੇ ਛੇ ਵਜੇ ਦੇ ਸ਼ੋ ਸਿਨੇਮਾ ਦੇਖਣ ਜਾ ਰਹੀ ਹੈ। ਅਖ਼ਲਾਕ ਨੇ ਇਸ਼ਾਰਿਆਂ ਦੇ ਜ਼ਰੀਏ ਪੁੱਛਿਆ। “ਕਿਸ ਸਿਨੇਮਾ ਹਾਊਸ ਵਿੱਚ?”
ਉਸ ਨੇ ਜਵਾਬ ਵਿੱਚ ਕੁੱਝ ਇਸ਼ਾਰੇ ਕੀਤੇ। ਮਗਰ ਅਖ਼ਲਾਕ ਨਹੀਂ ਸਮਝਿਆ। ਆਖ਼ਰ ਵਿੱਚ ਉਸ ਨੇ ਇਸ਼ਾਰਿਆਂ ਵਿੱਚ ਕਿਹਾ। “ਕਾਗ਼ਜ਼ ਉੱਤੇ ਲਿਖ ਕੇ ਹੇਠਾਂ ਸੁੱਟ ਦੇ। ”
ਕੁੜੀ ਖਿੜਕੀ ਕੋਲੋਂ ਹੱਟ ਗਈ। ਕੁਝ ਲਮਹਿਆਂ ਦੇ ਬਾਅਦ ਉਸ ਨੇ ਏਧਰ ਉੱਧਰ ਵੇਖ ਕੇ ਕਾਗ਼ਜ਼ ਦੀ ਇੱਕ ਮੜੋਰੀ ਜਿਹੀ ਹੇਠਾਂ ਸੁੱਟ ਦਿੱਤੀ। ਅਖ਼ਲਾਕ ਨੇ ਉਸਨੂੰ ਖੋਲਿਆ, ਲਿਖਿਆ ਸੀ।
“ਪਲਾਜ਼ਾ ……ਪਰਵੀਣ। ”
ਸ਼ਾਮ ਨੂੰ ਪਲਾਜ਼ਾ ਵਿੱਚ ਉਸਦੀ ਮੁਲਾਕਾਤ ਪਰਵੀਣ ਨਾਲ ਹੋਈ। ਉਸ ਦੇ ਨਾਲ ਉਸਦੀ ਸਹੇਲੀ ਸੀ। ਅਖ਼ਲਾਕ ਉਸਦੇ ਨਾਲ ਵਾਲੀ ਸੀਟ ਉੱਤੇ ਬੈਠ ਗਿਆ। ਫ਼ਿਲਮ ਸ਼ੁਰੂ ਹੋਈ ਤਾਂ ਪਰਵੀਣ ਨੇ ਨਕਾਬ ਉਠਾ ਲਿਆ। ਅਖ਼ਲਾਕ ਸਾਰਾ ਵਕਤ ਉਸ ਨੂੰ ਵੇਖਦਾ ਰਿਹਾ। ਉਸ ਦਾ ਦਿਲ ਧੱਕ ਧੱਕ ਕਰਦਾ ਸੀ। ਇੰਟਰਵਲ ਤੋਂ ਕੁੱਝ ਪਹਿਲਾਂ ਉਸ ਨੇ ਆਹਿਸਤਾ ਜਿਹੇ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬ ਉੱਠੀ। ਅਖ਼ਲਾਕ ਨੇ ਫ਼ੌਰਨ ਹੱਥ ਉਠਾ ਲਿਆ।
ਦਰਅਸਲ ਉਹ ਉਸ ਨੂੰ ਅੰਗੂਠੀ ਦੇਣਾ ਚਾਹੁੰਦਾ ਸੀ, ਸਗੋਂ ਖ਼ੁਦ ਪਹਿਨਾਉਣਾ ਚਾਹੁੰਦਾ ਸੀ ਜੋ ਉਸ ਨੇ ਉਸੇ ਦਿਨ ਖ਼ਰੀਦੀ ਸੀ। ਇੰਟਰਵਲ ਖ਼ਤਮ ਹੋਇਆ ਤਾਂ ਉਸ ਨੇ ਫਿਰ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬੀ ਲੇਕਿਨ ਅਖ਼ਲਾਕ ਨੇ ਹੱਥ ਨਹੀਂ ਹਟਾਇਆ। ਥੋੜ੍ਹੀ ਦੇਰ ਦੇ ਬਾਅਦ ਉਸ ਨੇ ਅੰਗੂਠੀ ਕੱਢੀ ਅਤੇ ਉਸਦੀ ਇੱਕ ਉਂਗਲ ਵਿੱਚ ਚੜ੍ਹਾ ਦਿੱਤੀ ……ਉਹ ਬਿਲਕੁਲ ਖ਼ਾਮੋਸ਼ ਰਹੀ। ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ। ਮਥੇ ਅਤੇ ਨੱਕ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਥਰਥਰਾ ਰਹੇ ਸਨ।
ਫ਼ਿਲਮ ਖ਼ਤਮ ਹੋਈ ਤਾਂ ਅਖ਼ਲਾਕ ਅਤੇ ਪਰਵੀਣ ਦੀ ਇਹ ਮੁਲਾਕਾਤ ਵੀ ਖ਼ਤਮ ਹੋ ਗਈ। ਬਾਹਰ ਨਿਕਲ ਕੇ ਕੋਈ ਗੱਲ ਨਹੀਂ ਹੋ ਸਕੀ। ਦੋਨੋਂ ਸਹੇਲੀਆਂ ਟਾਂਗੇ ਵਿੱਚ ਬੈਠੀਆਂ। ਅਖ਼ਲਾਕ ਨੂੰ ਦੋਸਤ ਮਿਲ ਗਏ। ਉਨ੍ਹਾਂ ਨੇ ਉਸਨੂੰ ਰੋਕ ਲਿਆ ਲੇਕਿਨ ਉਹ ਬਹੁਤ ਖ਼ੁਸ਼ ਸੀ। ਇਸ ਲਈ ਕਿ ਪਰਵੀਣ ਨੇ ਉਸ ਦਾ ਤੋਹਫ਼ਾ ਕਬੂਲ ਕਰ ਲਿਆ ਸੀ।
ਦੂਜੇ ਦਿਨ ਮੁਕੱਰਰ ਵਕਤ ਤੇ ਜਦੋਂ ਅਖ਼ਲਾਕ ਪਰਵੀਣ ਦੇ ਘਰ ਦੇ ਕੋਲ ਪਹੁੰਚਿਆ ਤਾਂ ਖਿੜਕੀ ਖੁੱਲੀ ਸੀ। ਅਖ਼ਲਾਕ ਨੇ ਸਲਾਮ ਕੀਤਾ। ਪਰਵੀਣ ਨੇ ਜਵਾਬ ਦਿੱਤਾ। ਉਸ ਦੇ ਸੱਜੇ ਹੱਥ ਦੀ ਉਂਗਲ ਵਿੱਚ ਉਸਦੀ ਪਹਿਨਾਈ ਹੋਈ ਅੰਗੂਠੀ ਚਮਕ ਰਹੀ ਸੀ।
ਥੋੜ੍ਹੀ ਦੇਰ ਇਸ਼ਾਰੇ ਹੁੰਦੇ ਰਹੇ ਇਸ ਦੇ ਬਾਅਦ ਪਰਵੀਣ ਨੇ ਏਧਰ ਉੱਧਰ ਵੇਖ ਕੇ ਇੱਕ ਲਿਫਾਫਾ ਹੇਠਾਂ ਸੁੱਟ ਦਿੱਤਾ। ਅਖ਼ਲਾਕ ਨੇ ਚੁੱਕਿਆ। ਖੋਲ੍ਹਿਆ ਤਾਂ ਇਸ ਵਿੱਚ ਇੱਕ ਖ਼ਤ ਸੀ। ਅੰਗੂਠੀ ਦੇ ਸ਼ੁਕਰੀਏ ਦਾ।
ਘਰ ਪਹੁੰਚ ਕੇ ਅਖ਼ਲਾਕ ਨੇ ਇੱਕ ਲੰਮਾ ਜਵਾਬ ਲਿਖਿਆ। ਆਪਣਾ ਦਿਲ ਕੱਢ ਕੇ ਕਾਗਜ਼ਾਂ ਵਿੱਚ ਰੱਖ ਦਿੱਤਾ। ਇਸ ਖ਼ਤ ਨੂੰ ਉਸ ਨੇ ਫੁੱਲਦਾਰ ਲਿਫਾਫੇ ਵਿੱਚ ਬੰਦ ਕੀਤਾ। ਉਸ ਉੱਤੇ ਸੈਂਟ ਲਗਾਇਆ ਅਤੇ ਦੂਜੇ ਦਿਨ ਸਵੇਰੇ ਨੌਂ ਵਜੇ ਪਰਵੀਣ ਨੂੰ ਵਿਖਾ ਕੇ ਹੇਠਾਂ ਲੈਟਰ ਬਾਕਸ ਵਿੱਚ ਪਾ ਦਿੱਤਾ।
ਹੁਣ ਉਨ੍ਹਾਂ ਵਿੱਚ ਬਾਕਾਇਦਾ ਖ਼ਤੋ-ਕਿਤਾਬਤ ਸ਼ੁਰੂ ਹੋ ਗਈ। ਹਰ ਖ਼ਤ ਇਸ਼ਕ ਮੁਹੱਬਤ ਦਾ ਇੱਕ ਦਫਤਰ ਸੀ। ਇੱਕ ਖ਼ਤ ਅਖ਼ਲਾਕ ਨੇ ਆਪਣੇ ਖ਼ੂਨ ਨਾਲ ਲਿਖਿਆ ਜਿਸ ਵਿੱਚ ਉਸ ਨੇ ਕਸਮ ਖਾਈ ਕਿ ਉਹ ਹਮੇਸ਼ਾ ਆਪਣੀ ਮੁਹੱਬਤ ਵਿੱਚ ਸਾਬਤ ਕਦਮ ਰਹੇਗਾ। ਇਸ ਦੇ ਜਵਾਬ ਵਿੱਚ ਖ਼ੂਨੀ ਤਹਰੀਰ ਹੀ ਆਈ। ਪਰਵੀਣ ਨੇ ਵੀ ਹਲਫ ਚੁੱਕਿਆ ਕਿ ਉਹ ਮਰ ਜਾਵੇਗੀ ਲੇਕਿਨ ਅਖ਼ਲਾਕ ਦੇ ਸਿਵਾ ਹੋਰ ਕਿਸੇ ਨੂੰ ਸ਼ਰੀਕ-ਏ-ਹਯਾਤ ਨਹੀਂ ਬਣਾਏਗੀ।
ਮਹੀਨੇ ਬੀਤ ਗਏ। ਇਸ ਦੌਰਾਨ ਕਦੇ ਕਦੇ ਕਿਸੇ ਸਿਨੇਮਾ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਸੀ। ਮਿਲ ਕੇ ਬੈਠਣ ਦਾ ਮੌਕਾ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਪਰਵੀਣ ਉੱਤੇ ਘਰ ਦੀ ਤਰਫ਼ ਤੋਂ ……ਬਹੁਤ ਕਰੜੀਆਂ ਪਾਬੰਦੀਆਂ ਆਇਦ ਸਨ। ਉਹ ਬਾਹਰ ਨਿਕਲਦੀ ਸੀ ਜਾਂ ਤਾਂ ਆਪਣੇ ਭਾਈ ਦੇ ਨਾਲ ਜਾਂ ਆਪਣੀ ਸਹੇਲੀ ਜ਼ੁਹਰਾ ਦੇ ਨਾਲ। ਇਨ੍ਹਾਂ ਦੋ ਦੇ ਇਲਾਵਾ ਉਸ ਨੂੰ ਹੋਰ ਕਿਸੇ ਦੇ ਨਾਲ ਬਾਹਰ ਜਾਣ ਦੀ ਇਜਾਜਤ ਨਹੀਂ ਸੀ। ਅਖ਼ਲਾਕ ਨੇ ਉਸਨੂੰ ਕਈ ਵਾਰ ਲਿਖਿਆ ਕਿ ਜ਼ੁਹਰਾ ਦੇ ਨਾਲ ਉਹ ਕਦੇ ਉਸਨੂੰ ਬਾਰਾਂਦਰੀ ਵਿੱਚ ਜਹਾਂਗੀਰ ਦੇ ਮਕਬਰੇ ਵਿੱਚ ਮਿਲੇ। ਮਗਰ ਉਹ ਨਹੀਂ ਮੰਨੀ। ਉਸਨ੍ਹੂੰ ਡਰ ਸੀ ਕਿ ਕੋਈ ਵੇਖ ਲਵੇਗਾ।
ਇਸ ਅਰਸੇ ਦੌਰਾਨ ਅਖ਼ਲਾਕ ਦੇ ਮਾਪਿਆਂ ਨੇ ਉਸਦੇ ਵਿਆਹ ਦੀ ਗੱਲਬਾਤ ਸ਼ੁਰੂ ਕਰਦੀ। ਅਖ਼ਲਾਕ ਟਾਲਦਾ ਰਿਹਾ ਜਦੋਂ ਉਨ੍ਹਾਂ ਨੇ ਤੰਗ ਆਕੇ ਇੱਕ ਜਗ੍ਹਾ ਗੱਲ ਕਰ ਦਿੱਤੀ ਤਾਂ ਅਖ਼ਲਾਕ ਵਿਗੜ ਗਿਆ, ਬਹੁਤ ਹੰਗਾਮਾ ਹੋਇਆ।
ਇੱਥੇ ਤੱਕ ਕਿ ਅਖ਼ਲਾਕ ਨੂੰ ਘਰ ਤੋਂ ਨਿਕਲ ਕੇ ਇੱਕ ਰਾਤ ਇਸਲਾਮੀਆ ਕਾਲਜ ਦੀ ਗਰਾਂਊਡ ਵਿੱਚ ਸੌਣਾ ਪਿਆ। ਏਧਰ ਪਰਵੀਣ ਰੋਦੀ ਰਹੀ। ਖਾਣੇ ਨੂੰ ਹੱਥ ਤੱਕ ਨਹੀਂ ਲਗਾਇਆ।
ਅਖ਼ਲਾਕ ਧੁਨ ਦਾ ਬਹੁਤ ਪੱਕਾ ਸੀ। ਜ਼ਿੱਦੀ ਵੀ ਪਰਲੇ ਦਰਜੇ ਦਾ ਸੀ। ਘਰ ਤੋਂ ਬਾਹਰ ਕਦਮ ਕੱਢਿਆ ਤਾਂ ਫਿਰ ਉੱਧਰ ਰੁਖ ਤੱਕ ਨਹੀਂ ਕੀਤਾ। ਉਸ ਦੇ ਬਾਪ ਨੇ ਉਸ ਨੂੰ ਬਹੁਤ ਸਮਝਾਇਆ ਮਗਰ ਉਹ ਨਹੀਂ ਮੰਨਿਆ। ਇੱਕ ਦਫਤਰ ਵਿੱਚ ਸੌ ਰੁਪਏ ਮਹੀਨਾਵਾਰ ਉੱਤੇ ਨੌਕਰੀ ਕਰ ਲਈ ਅਤੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਿਆ। ਜਿਸ ਵਿੱਚ ਨਲ ਸੀ ਨਾ ਬਿਜਲੀ।
ਏਧਰ ਪਰਵੀਣ ਅਖ਼ਲਾਕ ਦੀਆਂ ਤਕਲੀਫਾਂ ਦੇ ਦੁੱਖ ਵਿੱਚ ਘੁਲ ਰਹੀ ਸੀ। ਘਰ ਵਿੱਚ ਜਦੋਂ ਅਚਾਨਕ ਉਸ ਦੇ ਵਿਆਹ ਦੀ ਗੱਲਬਾਤ ਸ਼ੁਰੂ ਹੋਈ ਤਾਂ ਉਸ ਉੱਤੇ ਬਿਜਲੀ ਜਿਹੀ ਡਿੱਗੀ। ਉਸ ਨੇ ਅਖ਼ਲਾਕ ਨੂੰ ਲਿਖਿਆ। ਉਹ ਬਹੁਤ ਪਰੇਸ਼ਾਨ ਹੋਇਆ। ਲੇਕਿਨ ਪਰਵੀਣ ਨੂੰ ਉਸ ਨੇ ਤਸੱਲੀ ਦਿੱਤੀ ਕਿ ਉਹ ਘਬਰਾਏ ਨਹੀਂ। ਸਾਬਤ ਕਦਮ ਰਹੇ। ਇਸ਼ਕ ਉਨ੍ਹਾਂ ਦਾ ਇਮਤਿਹਾਨ ਲੈ ਰਿਹਾ ਹੈ।
ਬਾਰਾਂ ਦਿਨ ਬੀਤ ਗਏ। ਅਖ਼ਲਾਕ ਕਈ ਵਾਰ ਗਿਆ। ਮਗਰ ਪਰਵੀਣ ਖਿੜਕੀ ਵਿੱਚ ਨਜ਼ਰ ਨਹੀਂ ਆਈ। ਉਹ ਧੀਰਜ ਕਰਾਰ ਖੋਹ ਬੈਠਾ ਨੀਂਦ ਉਸਦੀ ਗਾਇਬ ਹੋ ਗਈ। ਉਸ ਨੇ ਦਫਤਰ ਜਾਣਾ ਛੱਡ ਦਿੱਤਾ। ਜ਼ਿਆਦਾ ਨਾਗੇ ਹੋਏ ਤਾਂ ਉਸ ਨੂੰ ਮੁਲਾਜ਼ਮਤ ਤੋਂ ਬਰਤਰਫ਼ ਕਰ ਦਿੱਤਾ ਗਿਆ। ਉਸ ਨੂੰ ਕੁੱਝ ਹੋਸ਼ ਨਹੀਂ ਸੀ। ਬਰਤਰਫ਼ੀ ਦਾ ਨੋਟਿਸ ਮਿਲਿਆ ਤਾਂ ਉਹ ਸਿੱਧਾ ਪਰਵੀਣ ਦੇ ਮਕਾਨ ਦੀ ਤਰਫ ਚੱਲ ਪਿਆ। ਪੰਦਰਾਂ ਦਿਨਾਂ ਦੇ ਲੰਮੇ ਅਰਸੇ ਦੇ ਬਾਅਦ ਉਸਨੂੰ ਪਰਵੀਣ ਨਜ਼ਰ ਆਈ ਉਹ ਵੀ ਇੱਕ ਛਿਣ ਦੇ ਲਈ। ਜਲਦੀ ਨਾਲ ਲਿਫਾਫਾ ਸੁੱਟ ਕੇ ਉਹ ਚੱਲੀ ਗਈ।
ਖ਼ਤ ਬਹੁਤ ਲੰਮਾ ਸੀ। ਪਰਵੀਣ ਦੀ ਗ਼ੈਰ ਹਾਜ਼ਰੀ ਦਾ ਸਬੱਬ ਇਹ ਸੀ ਕਿ ਉਸ ਦਾ ਬਾਪ ਉਹਨੂੰ ਨਾਲ ਗੁਜਰਾਂਵਾਲਾ ਲੈ ਗਿਆ ਸੀ ਜਿੱਥੇ ਉਸਦੀ ਵੱਡੀ ਭੈਣ ਰਹਿੰਦੀ ਸੀ। ਪੰਦਰਾਂ ਦਿਨ ਉਹ ਖ਼ੂਨ ਦੇ ਅੱਥਰੂ ਰੋਂਦੀ ਰਹੀ। ਉਸ ਦਾ ਦਹੇਜ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਲਈ ਰੰਗ ਬਿਰੰਗੇ ਕਫ਼ਨ ਬਣ ਰਹੇ ਹਨ। ਖ਼ਤ ਦੇ ਆਖਿਰ ਵਿੱਚ ਲਿਖਿਆ। ਤਾਰੀਖ ਮੁਕੱਰਰ ਹੋ ਚੁੱਕੀ ਹੈ ……ਮੇਰੀ ਮੌਤ ਦੀ ਤਾਰੀਖ ਮੁਕੱਰਰ ਹੋ ਚੁੱਕੀ ਹੈ। ਮੈਂ ਮਰ ਜਾਵਾਂਗੀ ……ਮੈਂ ਜ਼ਰੂਰ ਕੁੱਝ ਖਾ ਕੇ ਮਰ ਜਾਵਾਂਗੀ। ਇਸ ਦੇ ਸਿਵਾ ਹੋਰ ਕੋਈ ਰਸਤਾ ਮੈਨੂੰ ਵਿਖਾਈ ਨਹੀਂ ਦਿੰਦਾ ……ਨਹੀਂ ਨਹੀਂ ਇੱਕ ਹੋਰ ਰਸਤਾ ਵੀ ਹੈ ……ਲੇਕਿਨ ਮੈਂ ਕੀ ਇੰਨੀ ਹਿੰਮਤ ਕਰ ਸਕਾਂਗੀ। ਤੂੰ ਵੀ ਇੰਨੀ ਹਿੰਮਤ ਕਰ ਸਕੇਂਗਾ ……ਮੈਂ ਤੁਹਾਡੇ ਕੋਲ ਚੱਲੀ ਆਵਾਂਗੀ ……ਮੈਨੂੰ ਤੁਹਾਡੇ ਕੋਲ ਆਉਣਾ ਹੀ ਪਵੇਗਾ। ਤੁਸੀਂ ਮੇਰੇ ਲਈ ਘਰ ਵਾਰ ਛੱਡਿਆ। ਮੈਂ ਤੁਹਾਡੇ ਲਈ ਇਹ ਘਰ ਨਹੀਂ ਛੱਡ ਸਕਦੀ, ਜਿੱਥੇ ਮੇਰੀ ਮੌਤ ਦੇ ਸਾਮਾਨ ਹੋ ਰਹੇ ਹੋਣ ……ਲੇਕਿਨ ਮੈਂ ਪਤਨੀ ਬਣ ਕੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਤੁਸੀਂ ਵਿਆਹ ਦਾ ਬੰਦੋਬਸਤ ਕਰ ਲਓ। ਮੈਂ ਸਿਰਫ ਤਿੰਨ ਕੱਪੜਿਆਂ ਵਿੱਚ ਆਵਾਂਗੀ। ਜੇਵਰ ਵਗ਼ੈਰਾ ਸਭ ਉਤਾਰ ਕੇ ਇੱਥੇ ਸੁੱਟ ਦੇਵਾਂਗੀ।
……ਜਵਾਬ ਜਲਦੀ ਦਿਓ, ਹਮੇਸ਼ਾ ਤੁਹਾਡੀ। ਪਰਵੀਣ।
ਅਖ਼ਲਾਕ ਨੇ ਕੁੱਝ ਨਹੀਂ ਸੋਚਿਆ, ਫ਼ੌਰਨ ਉਸ ਨੂੰ ਲਿਖਿਆ ਮੇਰੀ ਬਾਹਾਂ ਤੈਨੂੰ ਆਪਣੇ ਆਗ਼ੋਸ਼ ਵਿੱਚ ਲੈਣ ਲਈ ਤੜਫ਼ ਰਹੀਆਂ ਹਨ। ਮੈਂ ਤੁਹਾਡੀ ਇੱਜ਼ਤ ਇਸਮਤ ਉੱਤੇ ਕੋਈ ਹਰਫ ਨਹੀਂ ਆਉਣ ਦੇਵਾਂਗਾ। ਤੂੰ ਮੇਰੀ ਜੀਵਨ ਸਾਥਣ ਬਣ ਕੇ ਰਹੋਗੀ। ਜ਼ਿੰਦਗੀ ਭਰ ਮੈਂ ਤੈਨੂੰ ਖ਼ੁਸ਼ ਰੱਖਾਂਗਾ।
ਇੱਕ ਦੋ ਖ਼ਤ ਹੋਰ ਲਿਖੇ ਗਏ ਇਸ ਦੇ ਬਾਅਦ ਤੈਅ ਕੀਤਾ ਕਿ ਪਰਵੀਣ ਬੁੱਧ ਨੂੰ ਸਵੇਰੇ ਸਵੇਰੇ ਘਰ ਤੋਂ ਨਿਕਲੇਗੀ। ਅਖ਼ਲਾਕ ਟਾਂਗਾ ਲੈ ਕੇ ਗਲੀ ਦੀ ਨੁੱਕੜ ਉੱਤੇ ਉਸ ਦਾ ਇੰਤਜ਼ਾਰ ਕਰੇ।
ਬੁੱਧ ਨੂੰ ਮੂੰਹ ਹਨ੍ਹੇਰੇ ਅਖ਼ਲਾਕ ਟਾਂਗੇ ਵਿੱਚ ਉੱਥੇ ਪਹੁੰਚ ਕੇ ਪਰਵੀਣ ਦਾ ਇੰਤਜ਼ਾਰ ਕਰਨ ਲਗਾ। ਪੰਦਰਾਂ ਵੀਹ ਮਿੰਟ ਬੀਤ ਗਏ। ਅਖ਼ਲਾਕ ਦੀ ਬੇਚੈਨੀ ਵੱਧ ਗਈ। ਲੇਕਿਨ ਉਹ ਆ ਗਈ। ਛੋਟੇ ਛੋਟੇ ਕਦਮ ਚੁਕਦਿਆਂ ਉਹ ਗਲੀ ਵਿੱਚ ਨਮੂਦਾਰ ਹੋਈ। ਚਾਲ ਵਿੱਚ ਲੜਖੜਾਹਟ ਸੀ। ਜਦੋਂ ਉਹ ਟਾਂਗੇ ਵਿੱਚ ਅਖ਼ਲਾਕ ਦੇ ਨਾਲ ਬੈਠੀ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ। ਅਖ਼ਲਾਕ ਖ਼ੁਦ ਵੀ ਕੰਬਣ ਲਗਾ।
ਘਰ ਪੁੱਜੇ ਤਾਂ ਅਖ਼ਲਾਕ ਨੇ ਬੜੇ ਪਿਆਰ ਨਾਲ ਉਸ ਦੇ ਬੁਰਕੇ ਦਾ ਨਕਾਬ ਚੁੱਕਿਆ ਅਤੇ ਕਿਹਾ “ਮੇਰੀ ਦੁਲਹਨ ਕਦੋਂ ਤੱਕ ਮੇਰੇ ਤੋਂ ਪਰਦੇ ਕਰੇਗੀ। ”
ਪਰਵੀਣ ਨੇ ਸ਼ਰਮਾ ਕੇ ਅੱਖਾਂ ਝੁੱਕਾ ਲਿੱਤੀਆਂ। ਉਸ ਦਾ ਰੰਗ ਜ਼ਰਦ ਸੀ ਜਿਸਮ ਅਜੇ ਤੱਕ ਕੰਬ ਰਿਹਾ ਸੀ। ਅਖ਼ਲਾਕ ਨੇ ਉੱਪਰਲੇ ਹੋਠ ਦੇ ਤਿਲ ਦੀ ਤਰਫ਼ ਵੇਖਿਆ ਤਾਂ ਉਸ ਦੇ ਹੋਠਾਂ ਵਿੱਚ ਇੱਕ ਚੁੰਮਣ ਤੜਪਨ ਲੱਗਿਆ। ਉਸ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਥੰਮ ਕੇ ਉਸ ਨੇ ਤਿਲ ਵਾਲੀ ਜਗ੍ਹਾ ਨੂੰ ਚੁੰਮਿਆ। ਪਰਵੀਣ ਨੇ ਨਾਂਹ ਕੀਤੀ। ਉਸ ਦੇ ਹੋਠ ਖੁੱਲ੍ਹੇ। ਦੰਦਾਂ ਵਿੱਚ ਗੋਸ਼ਤ ਖ਼ੋਰਾ ਸੀ। ਮਸੂੜੇ ਡੂੰਘੇ ਨੀਲੇ ਰੰਗ ਦੇ ਸਨ। ਗਲ਼ੇ ਹੋਏ। ਸੜਾਂਦ ਦਾ ਇੱਕ ਭਬਕਾ ਅਖ਼ਲਾਕ ਦੀ ਨੱਕ ਵਿੱਚ ਵੜ ਗਿਆ। ਇੱਕ ਧੱਕਾ ਜਿਹਾ ਉਸ ਨੂੰ ਲੱਗਿਆ। ਇੱਕ ਹੋਰ ਭਬਕਾ ਪਰਵੀਣ ਦੇ ਮੂੰਹ ਵਿੱਚੋਂ ਨਿਕਲਿਆ ਤਾਂ ਉਹ ਇੱਕ ਦਮ ਪਿੱਛੇ ਹੱਟ ਗਿਆ।
ਪਰਵੀਣ ਨੇ ਹਿਆ ਭਿੱਜੀ ਆਵਾਜ ਵਿੱਚ ਕਿਹਾ, “ਵਿਆਹ ਤੋਂ ਪਹਿਲਾਂ ਤੁਹਾਨੂੰ ਅਜਿਹੀਆਂ ਗੱਲਾਂ ਦਾ ਹੱਕ ਨਹੀਂ ਪੁੱਜਦਾ।”
ਇਹ ਕਹਿੰਦੇ ਹੋਏ ਉਸਦੇ ਗਲ਼ੇ ਹੋਏ ਮਸੂੜੇ ਨੁਮਾਇਆਂ ਹੋਏ। ਅਖ਼ਲਾਕ ਦੇ ਹੋਸ਼ ਹਵਾਸ ਗਾਇਬ ਸਨ ਦਿਮਾਗ਼ ਸੁੰਨ ਹੋ ਗਿਆ। ਦੇਰ ਤੱਕ ਉਹ ਦੋਨੋਂ ਕੋਲ ਬੈਠੇ ਰਹੇ। ਅਖ਼ਲਾਕ ਨੂੰ ਕੋਈ ਗੱਲ ਨਹੀਂ ਸੁੱਝਦੀ ਸੀ। ਪਰਵੀਣ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ। ਜਦੋਂ ਉਸ ਨੇ ਉਂਗਲ ਦਾ ਨਹੁੰ ਕੱਟਣ ਲਈ ਹੋਠ ਖੋਲ੍ਹੇ ਤਾਂ ਫਿਰ ਉਨ੍ਹਾਂ ਗਲ਼ੇ ਹੋਏ ਮਸੂੜਿਆਂ ਦੀ ਨੁਮਾਇਸ਼ ਹੋਈ। ਬਦਬੂ ਦਾ ਇੱਕ ਭਬਕਾ ਨਿਕਲਿਆ। ਅਖ਼ਲਾਕ ਨੂੰ ਮਤਲੀ ਆਉਣ ਲੱਗੀ। ਉਠਿਆ ਅਤੇ “ਹੁਣੇ ਆਇਆ” ਕਹਿ ਕੇ ਬਾਹਰ ਨਿਕਲ ਗਿਆ। ਇੱਕ ਥੜੇ ਉੱਤੇ ਬੈਠ ਕੇ ਉਸ ਨੇ ਬਹੁਤ ਦੇਰ ਸੋਚਿਆ। ਜਦੋਂ ਕੁੱਝ ਸਮਝ ਵਿੱਚ ਨਹੀਂ ਆਇਆ ਤਾਂ ਲਾਇਲਪੁਰ ਰਵਾਨਾ ਹੋ ਗਿਆ। ਜਿੱਥੇ ਉਸ ਦਾ ਇੱਕ ਦੋਸਤ ਰਹਿੰਦਾ ਸੀ। ਅਖ਼ਲਾਕ ਨੇ ਸਾਰਾ ਵਾਪਰਿਆ ਸੁਣਾਇਆ ਤਾਂ ਉਸ ਨੇ ਬਹੁਤ ਲਾਨ ਤਾਨ ਕੀਤੀ ਅਤੇ ਇਸ ਨੂੰਕਿਹਾ। “ਫ਼ੌਰਨ ਵਾਪਸ ਜਾ। ਕਿਤੇ ਬੇਚਾਰੀ ਖੁਦਕੁਸ਼ੀ ਨਾ ਕਰ ਲਵੇ। ”
ਅਖ਼ਲਾਕ ਰਾਤ ਨੂੰ ਵਾਪਸ ਲਾਹੌਰ ਆਇਆ। ਘਰ ਵਿੱਚ ਦਾਖ਼ਲ ਹੋਇਆ ਤਾਂ ਪਰਵੀਣ ਮੌਜੂਦ ਨਹੀਂ ਸੀ ……ਪਲੰਗ ਉੱਤੇ ਤਕੀਆ ਪਿਆ ਸੀ। ਇਸ ਉੱਤੇ ਦੋ ਗੋਲ ਗੋਲ ਨਿਸ਼ਾਨ ਸਨ। ਗਿੱਲੇ !
ਇਸ ਦੇ ਬਾਅਦ ਅਖ਼ਲਾਕ ਨੂੰ ਪਰਵੀਣ ਕਿਤੇ ਨਜ਼ਰ ਨਹੀਂ ਆਈ।
(5 ਜੂਨ 1950)